Janamsakhi Page number 171 ਦ 174
ਬਾਬੇ ਨੂੰ ਕਹਿਣ ਲੱਗਾ ਦਰਵੇਸ਼ ਜੀ ਇਹ ਤੇਰੇ ਹਿੰਦ ਕੇ ਹਾਜੀ ਦਰੋਗ ਗੋਇ ਆਇ ਕਾਬੇ ਦੇ ਲੋਕ ਭੀ ਖਰਾਬ ਕੀਤੇ ਹੈਨ ਤਬ ਇਤਨੇ ਨੂੰ ਹਾਜੀ ਰਕਨਦੀਨ ਅਉਲੀਆ ਨਮਾਜ਼ ਉੱਪਰ ਕਾਜੀ ਮੱਕੇ ਦਾ ਆਇ ਖਲੋਤਾ ਬਾਬੇ ਜੀ ਦੀ ਅਰ ਕਾਜ਼ੀ ਰੁਕਨਦੀਨ ਦੀ ਸਲਾਮਾਲੇਕੀ ਹੋਈ ਤਬ ਬਾਬੇ ਆਖਿਆ ਕਾਜੀ ਅਸੀਂ ਤੁਹਾਡੇ ਦੀਦਾਰ ਦੀ ਹੱਜ ਵਾਸਤੇ ਹਜ਼ਾਰਾਂ ਕੋਹਾਂ ਤੋਂ ਆਏ ਅਸਾਡਾ ਮੁਕਾਬਲਾ ਹੋਰ ਸਭਨਾਂ ਕੌਮਾਂ ਨਾਲ ਹੋਇਆ ਹੈ ਅਤੇ ਰਦ ਬਦਲ ਕਰ ਮਨਸੂਖ ਕੀਤੀਆਂ ਹੈਨ ਅਬ ਪੜੇ ਗੁੜੇ ਜਵਾਬ ਨਹੀਂ ਅਮਲ ਕਰਨਾ ਸਵਾਬ ਹੈ ਹੋਰ ਪੜ੍ਹਨਾ ਗੁੜ੍ਹਨਾ ਦਰਕਾਰ ਨਾਹੀਂ ਖਾਸ ਮਤਲਬ ਅਮਲ ਕਰਨ ਖੁਦਾਇ ਫੁਰਮਾਇਆ ਹੈ। ਇਹ ਆਖਰੀ ਜ਼ਮਾਨੇ ਮੇਂ ਬਗੈਰ ਬੰਦਗੀ ਅਤੇ ਨੇਕ ਅਮਲਾਂ ਬਾਝ ਖਲਾਸੀ ਨਾਹੀਂ ਕਾਜੀ ਜੀ ਇਕ ਸੁਖਨ ਹੱਕ ਰਾਸਤੀ ਕੇ ਕਰਨੇ ਸਨ ਸੋ ਜੀਂਵਦਿਆਂ ਮੇਲ ਖੁਦਾਇ ਕੀਤਾ ਹੈ ਕਲਜੁਗ ਵਿੱਚ ਜੋ ਫਿਰਕੇ ਤਹਕੀਕ ਕੀਤੇ ਹੈਨ ਅਜੇ ਤਿਨ੍ਹਾਂ ਦੇ ਵਿੱਚ ਭੀ ਸ਼ੱਕ ਹੈ ਕਾਫਰਾਂ ਮੁਲਹਦਾਂ ਕਾ ਜੋ ਸੱਚ ਹੈ ਸੋ ਇਕ ਪਾਕ ਨਾਮੇ ਵਿੱਚ ਦਰਜ ਕੀਤੇ ਅਤੇ ਦਰੋਗ ਗੁਮਰਾਹ ਹੈਨ ਤਿਨ ਕਉ ਰੱਦ ਕਰੀਏ ਤੁਸਾਡਾ ਦੀਨ ਘਰ ਮੱਕਾ ਮਦੀਨਾ ਹੈ ਜੋ ਇਥੇ ਕਜਾਇ ਹੋਇ ਨਿਬੜੇ ਸੋ ਸਹੀ ਆਪੋ ਆਪਣੇ ਅਮਲ ਜ਼ਾਹਰ ਕੀਚਨ ਸੱਚ ਰੱਖੀਐ ਦਰੋਗ ਸਨਮੁੱਖ ਕਰੀਐ ਜਬਾਬ ਸਵਾਲ ਹੱਕ ਰਾਸਤੀ ਕਾ ਚਲਿਆ। ਹਿੰਦੂ ਤੁਰਕ ਦਾ ਬਾਬੇ ਨਾਨਕ ਜੀ ਹਿੰਦੂ ਹਿੰਦੂ ਕਰ ਖਲਾਰੇ ਅਤੇ ਮੁਸਲਮਾਨ ਮੁਸਲਮਾਨ ਹੋਇ ਖੜੋਤੇ ਸਾਰੇ ਮਜ਼ਹਬ ਆਪੋ ਆਪਣੇ ਰਾਹ ਉੱਪਰ ਕਾਮਲ ਕੀਤੇ ਅਰ ਕੋਈ ਕਿਸੇ ਕਉ ਰੱਦੇ ਨਾਹੀ ਆਪੋ ਆਪਣੇ ਜ਼ਮਾਨੇ ਅੰਦਰ ਸਭ ਸਰਦਾਰ ਸਨ ਘਟ ਵੱਧ ਕੋਈ ਨਹੀਂ ਕੀਤਾ ਦਰਗਹ ਰਬ ਦੀ ਜ਼ਾਤ ਸਫਾਤ ਮਜ਼ਹਬ ਕੋਈ ਪੁੱਛਦਾ ਨਾਹੀਂ ਨੇਕੀ ਬਦੀ ਪੁਛੀਐਗੀ ਪਾਤਿਸ਼ਾਹੀ ਉਮਰਾਉ ਕਾਜ਼ੀ ਮੁਫਤੀ ਮੁੱਲਾਂ ਇਨ੍ਹਾਂ ਥੋਂ ਲੋਹ ਅਦਾਲਤ ਦਾ ਹਿਸਾਬ ਤਾਂ ਪੁਛੀਐਗਾ ਜੇ ਤੁਮੈਂ ਫੁਰਮਾਨ ਰਬ ਦਾ ਲੇਕਰ ਕਿਸੇ ਕਉ ਹੱਕ ਪਹੁੰਚਾਇਆ ਹੈ ਜਿਨੋਂ ਅਮਲ ਨਹੀਂ ਕੀਤਾ ਤਿਨੋਂ ਕੇ ਹਡ ਦੋਜ਼ਕ ਹਾਵੀਏ ਅੰਦਰ ਪਏ ਸੜਦੇ ਹੈਨ ਅਰ ਤੋਬਹ ਤੋਬਹ ਕਰਦੇ ਹਨ ਅਰ ਕਬੂਲ ਕਾਈ ਨਹੀਂ ਪਾਉਂਦੀ। ਜਾਂ ਇਤਨੀ ਨਸੀਹਤ ਬਾਬੇ ਨਾਨਕ ਜੀ ਆਖੀ ਤਾਂ ਮੁੱਲਾਂ ਜੀਵਣ ਗੁੱਸਾ ਕਰਕੇ ਅਵਾਜ਼ ਕੀਤੀ ਸੂਰੇ ਲੱਗਾ ਪੜ੍ਹਨ।
ਸੁਆਲ ਮੁੱਲਾਂ ਜੀਵਣ ਸੂਰਾ
ਹਮਦ ਸਨਾਈ ਰਬ ਨੋਂ ਦੋਇਮ ਨਬੀ ਰਸੂਲ ॥ ਸੋਇਮ ਚਾਰੋਂ ਯਾਰ ਹੋਣ ਪੜ੍ਹ ਕਲਮਾ ਪਵੇ ਕਬੂਲ॥ ਲਿਖਿਆ ਧੁਰ ਦਰਗਾਹ ਦੇਇ ਇਕੋ ਪਾਕ ਅਲਾਇ॥ ਉਪਰ ਕਲਮਾ ਨਬੀ ਦਾ ਪੜਿਆ ਹੋਇ ਪਾਕ ਅਉਰਾਹਿ ॥ਇਸਰਾਈਲ ਫਰੇਸ਼ਤਾ ਜਦ ਫੂਕਸੀ ਕਰਨਾਇ॥ ਤਿਹ ਰੋਜ਼ ਮਹਸ਼ਰ ਡੇਹੜੇ ਪਉਸੀ ਗੁਲ ਕਹਾਇ॥ ਉਡਸੀ ਦੁਨੀਆਂ ਐਤ ਭਾਂਤ ਜਿਉਂ ਪੇਂਞੇ ਦੀ ਕਪਾਹਿ॥ ਤਪਸਨ ਜ਼ਿਮੀ ਅਸਮਾਨ ਦੁਇ ਰੂਹ ਖਾਸਨਿ ਵਡੇ ਤਾਹਿ॥ ਕਾਜ਼ੀ ਹੋਸੀ ਆਪ ਰਬ ਮੁਫਤੀ ਨਬੀਂ ਰਸੂਲ ॥ ਪੁਛਸਨਿ ਖੋਲ੍ਹ ਕਿਤਾਬ ਨੋਂ’ ਨੇਕ ਬਦਾਂ ਸਭ ਮੂਲ॥ ਸਭ ਛਡ ਪੁਛਸਨਿ ਉਮਤੀ ਜਿਨਾਂ ਕੀਏ ਸਵਾਲ॥ ਅਜਾਬ ਹਜ਼ਰਤ ਕਾ ਫੁਰਮਾਇਆ ਲਿਖਿਆ ਵਿੱਚ ਕਤਾਬ ॥ ਤਿਸ ਰੋਜ ਮਹਸ਼ਰ ਜੇਹੜੇ ਹੋਸਨਿ ਸੋਈ ਖਰਾਬ ॥ ਜੋ ਦਿਤੀ ਬਾਂਗ ਨਾ ਜਾਗਦੇ ਸੁਤੇ ਪਏ ਨਪਾਕ॥ ਮੁਤੜਿ ਥੀਏ ਰਬ ਦੇ ਦਰ ਤੇ ਮਿਲੀ ਤਲਾਕ॥ ਬੇ ਨਮਾਜ਼ਾਂ ਤੇ ਸਗ ਭਲੇ ਜੋ ਰਹਿੰਦੇ ਰਾਤੀ ਜਾਗ॥ ਓਇ ਕਰਨ ਅਲਹ ਦੀ ਬੰਦਗੀ ਵਡੇ ਤਿਨਾੜੇ ਭਾਗ॥ ਹਡ ਪਲੀਤੀ ਕਾਫਰਾਂ ਪਰ ਅਉਰਾਤ ਨਾਲ ਮੁਹਾਬ॥ ਓਇ ਵੇਲਾ ਵਖਤ ਨਾ ਜਾਣਦੇ ਨਾ ਕਿਛ ਉਮਰ ਕਿਤਾਬ॥ ਦੋਜ਼ਕ ਸੜਦੇ ਪਾਈਐ ਤਨ ਤੇ ਸਹਿਨ ਅਜ਼ਾਬ ॥ ਅਜ਼ਰਾਈਲ ਫਰੇਸ਼ਤਾ ਆ ਕਰ ਕਰੇ ਖਰਾਬ॥ ਸੂਰ ਸ਼ਰਾਬ ਹਰਾਮ ਹੈ ਬੈਜਾ ਭੰਗ ਗੁਨਾਹ ॥ਜੀਵਣ ਸ਼ਾਮਤ ਨਫਸ ਦੀ ਪਾਸਨ ਕਲੇ ਸਜਾਇ॥
ਜਵਾਬ ਬਾਬੇ ਨਾਨਕ ਸੂਰੇ ਕੀਤਾ
ਹਮਦ ਸਨਾਈ ਰਬ ਨੋਂ ਵਾਹਿਦ ਲਾ ਸ਼ਰੀਕ ॥ਅਵਤਾਰਾਂ ਪੈਗੰਬਰਾਂ ਇਕ ਸਕਿਆ ਨ ਕਰ ਤਹਕੀਕ॥ ਲਖ ਚਉਰਾਸੀਹ ਆਲਮਾ ਕਾਨ ਹੈਵਾਨ ਨਬਾਤ॥ ਵਾਇਦ ਲਾ ਸ਼ਰੀਕ ਹੈ ਨਿਤ ਮੁਖੋਂ ਅਲਾਹਿ ਜਾਪ॥ ਵਾਹਿਦ ਲਾ ਸ਼ਰੀਕ ਹੈ ਇਕ ਕਾਦਰ ਪਾਕ ਅਲਾਹਿ ॥ ਕੁਦਰਤ ਲਖ ਰਸੂਲ ਹੈਨ ਸਦ ਦਰਗਾਹ ਪਾਨ ਨਾ ਰਾਹ॥ ਕੱਲਾ ਇਕ ਖੁਦਾਇ ਹੈ ਕੁਦਰਤ ਕਈ ਰਸੂਲ॥ਜੀਵਨ ਨੀਅਤ ਰਾਸ ਕਰ ਦਰਗਹ ਪਵਹਿ ਕਬੂਲ॥ ਲਿਖਿਆ ਧੁਰ ਦਰਗਾਹ ਦੇ ਏਕੋ ਪਾਕ ਖੁਦਾਇ॥ ਦੋਇਮ ਹੋਯਾ ਨਾ ਹੋਇਗਾ ਜੋ ਹੋਯਾ ਥੀਆ ਫਨਾਹਿ॥ ਮੁਫਤੀ ਕੋਈ ਨ ਰਬ ਦਾ ਜੋ ਖੋਲ੍ਹੇ ਪਾਸ ਕਿਤਾਬ॥ ਯਾਰ ਨ ਕੋਈ ਅਲਾਹ ਦਾ ਜੋ ਕਰੇ ਸੁਆਲ ਜਵਾਬ ॥ ਵਾਹਿਦ ਲਾ ਸ਼ਰੀਕ ਹੈ ਕਾਜੀ ਮੁਫਤੀ ਆਪ॥ ਆਪੇ ਖੋਲ੍ਹ ਕਿਤਾਬ ਨੋਂ ਆਪੇ ਕਰੇ ਹਿਸਾਬ॥ ਆਪੇ ਬਖਸ਼ ਮਿਲਾਇੰਦਾ ਦੇਹਿ ਸਜਾਈਂ ਆਪ ॥ਇਕੋ ਇਕ ਖੁਦਾਇ ਹੈ ਜਿਸ ਦਾ ਮਾਇ ਨ ਬਾਪ ॥ਚਾਂਦੀ ਧੋਵੈ ਸੁਨਿਆਰ ਜਿਉਂ ਖੋਟੇ ਖਰੇ ਮਿਲਾਇ॥ ਸਿੱਕਾ ਸੱਚ ਰਲਾਇਕੈ ਖੋਟੇ ਕਢੇ ਜਲਾਇ ॥ ਹਾਂਡੀ ਚਾੜ੍ਹ ਜਲਾਇਸੀ ਆਪ ਸੁਨਿਆਰਾ ਰੱਬ ॥ ਖੋਟੇ ਥੀਸਨ ਖਾਕੜੀ ਕਾਇਮ ਖਰੇ ਕਤੱਬ ॥ ਜ਼ਰਬਾ ਲਗਸਨ ਖੋਟਿਆਂ ਪਰ ਖੋਟੇ ਕਿਤੇ ਨ ਕੰਮ ॥ ਸਾਹਿਬ ਏਵੇਂ ਪਰਖਸੀ ਜਿਵੇਂ ਸਰਾਫਾਂ ਦੰਮ॥ ਖਰੇ ਖਜਾਨੇ ਪਉਸਨੀ ਖੋਟੇ ਦਿੱਚਨ ਡਾਲ ॥ਖੋਟੇ ਮਿਲਸਨ ਖਾਕ ਨਾਲ ਖਾਸੀ ਜਾਇ ਰਵਾਲ॥ ਨਾਨਕ ਆਖੀ ਜੀਵਣਾ ਮੁਖ ਤੇ ਸੱਚ ਅਲਾਇ॥ ਰੋਜ ਮਹਸ਼ਰ ਡੇਹੜੇ ਪਉਸੀ ਗੁਲ ਅਹਾਇ॥ ਹੋਈ ਕਿਆਮਤ ਦੁਨੀ ਪਰ ਅੰਤ ਨ ਓੜਕ ਪਾਇ॥ਤਦ ਕਾਜੀ ਮੁਫਤੀ ਕੋ ਨਹੀਂ ਕਾਜੀ ਆਪ ਅਲਾਹਿ॥ ਗੈਰ ਹਿਸਾਬ ਨਾ ਹੋਸੀਆ ਰੱਬਾਨੀ ਦਰਗਾਹਿ॥ ਤਲਬਾਂ ਪਉਸਨ ਆਕੀਆਂ ਕੀਤੇ ਜਿਨ੍ਹਾਂ ਗੁਨਾਹਿ ॥ਓਇ ਪਉਸਨ ਦੋਜਕ ਹਾਵੀਏ ਗਲ ਸੰਗਲ ਰੋਇ ਸਿਆਹ॥ ਨੇਕਾਂ ਅਮਲਾਂ ਵਾਲੜੇ ਦੇਖਸਨ ਪਾਕ ਅਉਰਾਇ॥ ਬਦਅਮਲੀ ਜੋ ਕਰਨਗੇ ਹੋਸੀ ਅੰਤ ਫਨਾਹਿ ॥ ਅਮਲੀ ਸੋਫੀ ਉਤ ਦੁਇ ਮਿਲਿ ਕਰਸਨ ਬੈਠ ਸਲਾਹ॥ ਹੋਰ ਨ ਹੋਸੀ ਪਾਸ ਕੋ ਇਕ ਹੋਸੀ ਅਲਾਹ ਗੁਆਹਿ॥ ਅਮਰ ਹਯਾਤੀ ਭਿਸ਼ਤ ਵਿਚ ਪਾਸਨ ਸੱਚ ਅਲਾਹਿ ॥ ਛੁਟਸਨ ਸੇਈ ਨਾਨਕਾ ਮੁਰਸ਼ਦ ਜਿਨਾਂ ਪਨਾਹਿ॥
‘ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥ ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ॥ ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ॥ ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ॥ ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥ ੧ ॥
ਆਇਤ॥ ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ॥ ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥ ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥ ਮੁਸਲਮਾਨ ਮੁਸਾਵੈ ਆਪ॥ ਸਿਦਕ ਸਬੂਰੀ ਕਰਮਾ ਪਾਕ॥ਖੜੀ ਨ ਛੋਡੈ ਪੜੀ ਨਾ ਚਾਇ ॥ਸੋ ਮੁਸਲਮਾਨ ਭਿਸਤ ਕੋ ਜਾਇ॥
ਸੂਰਾ॥ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥ ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥ ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ॥
ਤਿਸਕਾ ਅਰਥ ॥ ਜਿਨਾਂ ਸਚਿ ਪਛਾਣਿਆ ਪਉਸਨ ਭਿਸਤੀ ਜਾਇ॥ਹਕ ਹਲਾਲੀ ਖਾਵਣਾ ਸਚੁ ਤਿਨਾੜੇ ਭਾਇ ॥ਜੋਰ ਕਿਸੀ ਪਰ ਉਤਮ ਮਧਿਮ ਨਾ ਕੋਇ ॥ਹਿੰਦੂ ਮੁਸਲਮਾਨ ਨੌਂ ਦੁਹਾਂ ਨਸੀਹਤ ਹੋਇ॥
ਨਸੀਹਤ ਹਿੰਦੂਆਂ ॥
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥
ਹਦੀਸ॥ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣ ਥਿਆ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ॥੧॥
ਆਇਤ॥ ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ॥ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ॥ ਤਗੁ ਕਪਾਹਹੁ ਕਤੀਐ ਬਾਮ੍ਣੁ ਵਟੇ ਆਇ॥ ਕੁਹਿ ਬਕਰਾ ਰਿੰਨਿ੍ ਖਾਇਆ ਸਭੁ ਕੋ ਆਖੈ ਪਾਇ॥ ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ॥ ਨਾਨਕ ਤਗੁਂ ਨ ਤੁਟਈ ਜੇ ਤਗਿ ਹੋਵੈ ਜੋਰੁ॥੨॥
ਮ: ੧॥ ਨਾਇ ਮਨਿਐ ਪਤਿ ਉਪਜੈ ਸਾਲਾਹੀ ਸਚੁ ਸੂਤੁ॥ ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ॥ ੩॥
ਮ: ੧॥ ਤਗੁ ਨ ਇੰਦ੍ਹੀ ਤਗੁ ਨ ਨਾਰੀ॥ ਭਲਕੇ ਥੁਕ ਪਵੈ ਨਿਤ ਦਾੜੀ॥ ਤਗੁ ਨ ਪੈਰੀ ਤਗੁ ਨ ਹਥੀ॥ ਤਗੁ ਨ ਜਿਹਵਾ ਤਗੁ ਨ ਅਖੀ॥ ਵੇਤਗਾ ਆਪੇ ਵਤੈ॥ ਵਟਿ ਧਾਗੇ ਅਵਰਾ ਘਤੈ॥ ਲੈ ਭਾੜਿ ਕਰੇ ਵੀਆਹੁ॥ ਕਢਿ ਕਾਗਲੁ ਦਸੇ ਰਾਹੁ॥ ਸੁਣਿ ਵੇਖਹੁ ਲੋਕਾ ਏਹੁ ਵਿਡਾਣੁ॥ ਮਨਿ ਅੰਧਾ ਨਾਉ ਸੁਜਾਣੁ ‘॥ ੪॥ ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥ ਅਗੈ ਵਸਤੁ ਸਿਵਾਣੀਐ ਪਿਤਰੀ ਚੋਰ ਕਰੇਇ ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥੧॥
ਭਾਵ॥ ਤਗੁ ਨ ਹਿੰਦੂ ਪਾਇਆ ਤਗੁ ਨ ਮੁਸਲਮਾਣ॥ ਦੋਵੇ ਭੂਲੇ ਰਾਹ ਤੇ ਗਾਲਬ ਭਇਆ ਸ਼ੈਤਾਨ॥ ਹਿੰਦੂ ਸੰਗਤ ਸਤ ਦਾ ਤਿਸਕਾ ਭਉ ਨਹੀਂ ਕੋਇ॥ ਭਾਵੈ ਬੈਠੇ ਚੌਕ ਵਿਚ ਭਾਵੈ ਬਾਹਿਰ ਹੋਇ॥ ਹਿੰਦੂ ਬਧਾ ਸੂਤ ਸਿਉ ਤਿਨ ਕਉ ਛੁਟਨ ਅਸਾਨ॥ ਤ੍ਰਿਕਲ ਸੰਗਲ ਸ਼ਰੈ ਦਾ ਛੁਟੇ ਮੁਸਲਮਾਨ॥ ਕੰਧੀ ਜਿਉ ਦਰਿਆਇ ਦੀ ਦੀਨ ਕਿਨਾਰੇ ਦੋਇ॥ ਆਪੋ ਆਪਣੇ ਦੀਨ ਵਿਚ ਬਧੇ ਦਿਸਨ ਸੋਇ ॥ਹਿੰਦੂ ਬੰਧਨ ਜੋ ਕਰੇ ਕੋਇ ਨ ਸਕੇ ਤੋੜ॥ਬੰਧਨ ਕਟੇ ਤੁਰਕ ਜੇ ਮਾਰਨ ਪਿੰਡ ਅਧੋੜ॥ ਬੰਧਨ ਚੰਗਾ ਸੂਤ ਦਾ ਤੁਟੇ ਪਾਈਐ ਹੋਰ॥ ਜੇ ਬੰਧਨ ਤੁਟੇ ਤੁਰਕ ਦਾ ਤਾਂ ਕਾਫਰ ਹੋਇ ਨਕੋਰ ॥ਕਰਮੀ ਬਧੇ ਜੇ ਮਰਣ ਫਿਰਿ ਫਿਰਿ ਆਵਹਿ ਜਾਹਿ॥ ਖੁਲੇ ਬੰਧਨ ਜੇ ਮਰਣ ਫਿਰ ਜਨਮ ਮਰਨ ਨ ਤਾਹਿ॥ ਸੁੰਨਤ ਹਿੰਦੂ ਤੁਰਕ ਦੀ ਕਾਨੇ ਸੁਣੀਐ ਦੋਇ॥ ਸੁੰਨਤ ਬਾਝੋਂ ਜੀਵਣਾ ਹਿੰਦੂ ਤੁਰਕ ਨ ਕੋਇ॥ ਆਲਤ ਕਟੀਐ ਤੁਰਕ ਦੀ ਹਿੰਦੂ ਗੋਸ ਛਿਦਾਇ॥ ਜ਼ਰਬ ਲਗਾਸਣਿ ਆਪਣੀ ਨਿਆਰਾ ਰਹਿਆ ਖੁਦਾਇ॥ ਹਿੰਦੂ ਮੁਸਲਮਾਨ ਦੋਇ ਦਰਗਹ ਲਹਨਿ ਨ ਜਾਇ॥ ਫੈਲ ਫਕਰ ਜਹਾਨ ਵਿਚ ਹਿੰਦੂ ਤੁਰਕ ਕਹਾਇ॥ ਕਲਜੁਗ ਵਿਚ ਮਨਸੂਖ ਹੈਨ ਹਿੰਦੂ ਮੁਸੱਲਮਾਨ॥ ਤੀਜਾ ਦੀਨ ਰਲਾਇ ਕੈ ਮੁਸ਼ਕਲ ਥੀਆ ਆਸਾਨ॥
Leave a comment