ਪਿਛਲੇ ਬਲੌਗ ਵਿੱਚ ਅਸੀਂ ਪੜ੍ਹਿਆ ਕਿ ਕਾਜ਼ੀ ਰੁਕਨਦੀਨ ਦਾ ਪਹਿਲਾ ਸਵਾਲ ਸੀ —
““ਤੂੰ ਕਿਉਂ ਨਹੀਂ ਮੰਨਦਾ ਇਹ ਰਸਤਾ (ਰਸੂਲ ਮੁਹੰਮਦ ਵਾਲਾ) ਜੋ ਅਸੀਂ ਚੱਲ ਰਹੇ ਹਾਂ? ਕੀ ਇਹੀ ਸੱਚਾ ਰਾਹ ਨਹੀਂ?”
ਗੁਰੂ ਨਾਨਕ ਸਾਹਿਬ ਨੇ ਉਸਦਾ ਉੱਤਰ ਬੜੀ ਸਾਫ਼ਗੋਈ ਅਤੇ ਰੂਹਾਨੀ ਢੰਗ ਨਾਲ ਦਿੱਤਾ ਕਿ ਰੱਬ ਤੱਕ ਪਹੁੰਚਣ ਲਈ ਕਿਸੇ ਇੱਕ ਧਰਮ ਜਾਂ ਰਸੂਲ ਦੀ ਮੰਜੂਰੀ ਜ਼ਰੂਰੀ ਨਹੀਂ — ਸੱਚਾ ਇਮਾਨ, ਨੇਕ ਕਰਮ ਅਤੇ ਰੱਬੀ ਹੁਕਮ ਦੀ ਪਛਾਣ ਜ਼ਰੂਰੀ ਹੈ। ਗੁਰੂ ਨਾਨਕ ਜੀ ਦੀ ਸਿੱਖਿਆ ਸਾਨੂੰ ਇਹ ਦੱਸਦੀ ਹੈ ਕਿ ਧਰਮ ਦੀ ਅਸਲੀਅਤ ਕਿਸੇ ਇੱਕ ਰਵਾਇਤ ਵਿੱਚ ਨਹੀਂ, ਸਗੋਂ ਅੰਦਰੂਨੀ ਪਵਿਤ੍ਰਤਾ, ਸੱਚੀ ਲਿਵ ਅਤੇ ਕਰਮਾਂ ਦੀ ਸਫਾਈ ਵਿੱਚ ਹੈ
ਗੁਰੂ ਨਾਨਕ ਸਾਹਿਬ ਦੇ ਉੱਤਰ ਨੂੰ ਸੁਣਨ ਤੋਂ ਬਾਅਦ, ਕਾਜ਼ੀ ਰੁਕਨਦੀਨ ਨੇ ਨਿਮਰਤਾ ਨਾਲ ਇੱਕ ਹੋਰ ਮਹੱਤਵਪੂਰਨ ਸਵਾਲ ਰੱਖਿਆ — ਜੋ ਮਨੁੱਖ ਦੇ ਕਰਮਾਂ ਅਤੇ ਰੱਬੀ ਇਨਸਾਫ਼ ਬਾਰੇ ਸੀ।
“ਜੇ ਕੋਈ ਬੁਰੇ ਕਰਮ ਕਰੇ, ਤੇ ਮੌਤ ਤੋਂ ਬਾਅਦ ਤੋਬਾ ਕਰੇ, ਤਾਂ ਕੀ ਉਸਦੀ ਤੋਬਾ ਕਬੂਲ ਹੋਵੇਗੀ?
ਕੀ ਰਸੂਲ ਜਾਂ ਧਰਮ-ਗੁਰੂ ਉਸ ਦੀ ਸਿਫ਼ਾਰਸ਼ ਕਰਨਗੇ? ਜੇ ਨਹੀਂ, ਤਾਂ ਰੂਹ ਦਾ ਹਿਸਾਬ ਕਿਵੇਂ ਹੋਏਗਾ?
ਉਸਦਾ ਪੂਰਾ ਸਵਾਲ ਇਸ ਤਰ੍ਹਾਂ ਸੀ
ਇਸ ਦੂਜੇ ਸਵਾਲ ਵਿੱਚ ਰੁਕਨਦੀਨ ਰੂਹ ਨਾਲ ਆਖਰਲੇ ਹਿਸਾਬ ਦੀ ਗੱਲ ਕਰਦਾ ਹੈ। ਉਹ ਕਹਿੰਦਾ ਹੈ ਕਿ ਜੇ ਕਿਸੇ ਨੇ ਬੁਰੇ ਕਰਮ ਕੀਤੇ, ਤਾਂ ਉਹ ਆਪਣੀ ਕੀਤੀ ਸਜ਼ਾ ਭੋਗੇਗਾ। ਕੋਈ ਮਾਂ, ਪਿਉ, ਭਰਾ ਜਾਂ ਕੋਈ ਰਿਸ਼ਤਾ ਉਸ ਦੀ ਰੱਖਿਆ ਨਹੀਂ ਕਰ ਸਕਦਾ। ਜਿਹੜੇ ਲੋਕ ਬਦਅਮਲੀਆਂ ਕਰਦੇ ਹਨ, ਉਹਨਾਂ ਦੀਆਂ ਗਲਾਂ ਵਿੱਚ ਜੰਜੀਰਾਂ ਪਾਈਆਂ ਜਾਂਦੀਆਂ ਹਨ। ਇੱਥੇ ਤੱਕ ਕਿ ਨਬੀ ਮੁਹੰਮਦ (ਮੁਸਤਫਾ) ਵੀ ਉਨ੍ਹਾਂ ਦੀ ਸਿਫ਼ਾਰਸ਼ ਨਹੀਂ ਕਰਦੇ। ਜਦ ਰੂਹ ਦੋਜ਼ਖ ਦੀ ਅੱਗ ਵਿੱਚ ਪਹੁੰਚ ਜਾਂਦੀ ਹੈ, ਤਾਂ ਉਸ ਵੇਲੇ ਤੋਬਾ ਕਰਨਾ ਅਸਫਲ ਹੁੰਦਾ ਹੈ। ਲੱਖ ਵਾਰ ਤੋਬਾ ਪੁਕਾਰਨ ਦੇ ਬਾਵਜੂਦ ਵੀ, ਉਹ ਕਬੂਲ ਨਹੀਂ ਹੁੰਦੀ। ਅੰਤ ਵਿੱਚ, ਰੂਹ ਨੂੰ ਆਪਣੇ ਕੀਤੇ ਬੁਰੇ ਜਾਂ ਚੰਗੇ ਅਮਲਾਂ ਦਾ ਸਿੱਧਾ ਹਿਸਾਬ ਦੇਣਾ ਪੈਂਦਾ ਹੈ — ਰੱਬ ਦੇ ਦਰ ‘ਤੇ ਨਾ ਭੁੱਲ ਹੁੰਦੀ ਹੈ, ਨਾ ਰਾਹਤ — ਸਿਰਫ਼ ਨਿਆਂ।
ਜਵਾਬ ਗੁਰੂ ਨਾਨਕ ਦੇਵ ਜੀ
ਗੁਰੂ ਨਾਨਕ ਸਾਹਿਬ ਜੀ ਰੂਹਾਨੀ ਨਿਆਂ, ਕਰਮਾਂ ਦੇ ਫਲ ਅਤੇ ਧਰਮ ਦੀ ਅਸਲੀਅਤ ਬਾਰੇ ਗਹਿਰੀ ਵਿਆਖਿਆ ਕਰਦੇ ਹਨ। ਉਨ੍ਹਾਂ ਨੇ ਪ੍ਰੇਮ ਨਾਲ ਉੱਤਰ ਦਿੱਤਾ ਕਿ ਸਿਰਫ਼ ਰੱਬ ਹੀ ਮਾਫੀ ਦੇਣ ਅਤੇ ਸਜ਼ਾ ਦੇਣ ਵਾਲਾ ਹੈ, ਉਹੀ ਸਭ ਕੁਝ ਚਲਾ ਰਿਹਾ ਹੈ, ਹੋਰ ਕਿਸੇ ਕੋਲ ਜਾਣ ਦੀ ਲੋੜ ਨਹੀਂ। ਜੇ ਕੋਈ ਰੱਬ ਦੇ ਹੁਕਮ ਨੂੰ ਸਮਝ ਲਏ ਤਾਂ ਉਹੀ ਰੱਬ ਦੇ ਦਰ ‘ਤੇ ਕਬੂਲ ਹੈ। ਗੁਰੂ ਨਾਨਕ ਜੀ ਕਹਿੰਦੇ ਹਨ ਕਿ ਸਿਰਫ਼ ਇੱਕੋ ਪਰਮਾਤਮਾ ਹੀ ਐਸਾ ਹੈ ਜਿਸ ਵੱਲ ਤੱਕਣਾ ਚਾਹੀਦਾ ਹੈ — ਉਹੀ ਸਾਡੀ ਰੂਹ ਦੀ ਅਸਲੀ ਅਮਾਨਤ, ਸੁਰੱਖਿਆ ਅਤੇ ਭਰੋਸੇਯੋਗ ਆਸਰਾ ਹੈ।
ਅੱਗੇ ਗੁਰੂ ਨਾਨਕ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਇਥੇ ਬਹੁਤ ਸਾਰੇ ਪੀਰ-ਫਕੀਰ ਦਰਿਆ ਦੇ ਕਿਨਾਰੇ ਉੱਤੇ ਖੜੇ ਹੋ ਕੇ ਲੋਕਾਂ ਨੂੰ ਇਹ ਦੱਸਦੇ ਹਨ ਕਿ ਉਹਨਾਂ ਨੂੰ ਉਹ ਪਾਰ ਲੰਘਾ ਦੇਣਗੇ। ਪਰ ਇਹ ਪੀਰ ਲੋਕਾਂ ਤੋਂ ਜਕਾਤ (ਮਾਇਆ) ਲੈ ਕੇ ਉਹਨਾਂ ਨੂੰ ਕਰਮ-ਕਾਂਡਾਂ ਵਿੱਚ ਫੰਸਾ ਦੇਂਦੇ ਹਨ।ਇਹ ਧਾਰਮਿਕ ਆਗੂ ਸਿਰਫ਼ ਧਨ ਦੀ ਗੱਲ ਕਰਦੇ ਹਨ — ਲੋਕਾਂ ਕੋਲੋਂ ਧਰਮ ਦੇ ਨਾਂ ‘ਤੇ ਮਾਲ ਮੰਗਦੇ ਹਨ। ਕਦੇ ਵੀ ਇਹ ਨਹੀਂ ਪੁੱਛਦੇ ਕਿ “ਤੂੰ ਸੱਚੇ ਕਰਮ ਕਰਦਾ ਹੈ?”, ਜਾਂ “ਕੀ ਤੇਰੀ ਕਮਾਈ ਇਮਾਨਦਾਰ ਹੈ?” ਗੁਰੂ ਸਾਹਿਬ ਆਖਦੇ ਹਨ ਕਿ ਜਿਨ੍ਹਾਂ ਨੇ ਪਾਪ ਕੀਤੇ ਹਨ, ਉਨ੍ਹਾਂ ਲਈ ਸਜ਼ਾ ਆਉਣੀ ਹੀ ਆਉਣੀ ਹੈ। ਇਨਸਾਫ਼ ਦਾ ਵੇਲਾ ਹਰ ਕਿਸੇ ਲਈ ਆਉਂਦਾ ਹੈ — ਇੱਥੋਂ ਤੱਕ ਕਿ ਦੁਨੀਆਂ ਦੇ ਪਾਤਸ਼ਾਹਾਂ ਦੇ ਪਾਤਸ਼ਾਹ ਵੀ ਇਸ ਦਰਿਆ ਦੇ ਪੁਲ ਉੱਤੇ ਬੈਠਣਗੇ। ਧਰਤੀ ਤੋਂ ਬੇਅੰਤ ਰੂਹਾਂ ਲੰਘ ਚੁੱਕੀਆਂ ਹਨ, ਪਰ ਉਹ ਅੱਗੇ ਦੀ ਹਕੀਕਤ ਨਹੀਂ ਦੱਸ ਸਕੀਆਂ। ਜਿਨ੍ਹਾਂ ਰਵਾਇਤੀ ਰਾਹਾਂ ਉੱਤੇ ਲੱਖਾਂ ਲੋਕ ਚੱਲੇ ਹਨ ਅਤੇ ਚੱਲ ਰਹੇ ਹਨ, ਉਹ ਸਭ ਆਪਣੇ ਅਮਲਾਂ ਅਨੁਸਾਰ ਪਰਮਾਤਮਾ ਦੇ ਨੇੜੇ ਜਾਂ ਦੂਰ ਹੋ ਜਾਂਦੇ ਹਨ।
ਅਸਲ ਪਾਤਸ਼ਾਹ ਤਾਂ ਉਹੀ ਹੈ ਜੋ ਰੱਬ ਦਾ ਨਾਮ ਜਪਦਾ ਹੈ — ਉਹੀ ਇਸ ਸੰਸਾਰ ਵਿੱਚ ਸੱਚੀ ਪਾਤਸ਼ਾਹੀ ਪਾਉਂਦਾ ਹੈ।
ਫਿਰ ਅੱਗੇ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ ਕਿ ਸਜ਼ਾ ਹਰ ਕਿਸੇ ਨੂੰ ਆਪਣੇ ਕਰਮਾਂ ਅਨੁਸਾਰ ਹੀ ਮਿਲਦੀ ਹੈ। ਕੋਈ ਵੀ ਦੂਜੇ ਦੇ ਕਰਮਾਂ ਦੀ ਸਿਫ਼ਾਰਸ਼ ਕਰਕੇ ਛੁਟਕਾਰਾ ਨਹੀਂ ਲੈ ਸਕਦਾ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹੜੀ ਭੀੜ (ਜੀਵਾਤਮਾਵਾਂ ਦੀ ਟੋਲੀ) ਸੰਸਾਰ-ਸਮੁੰਦਰ ਨੂੰ ਪਾਰ ਕਰਨ ਜਾਂਦੀ ਹੈ, ਉਹਨਾਂ ਵਿੱਚੋਂ ਬਹੁਤ ਸਾਰੇ ਆਪਣੇ “ਘਰ” ਵੱਲ ਮੁੜ ਜਾਂਦੇ ਹਨ।
ਇਹ “ਘਰ” ਦਰਅਸਲ ਉਹ ਥਾਂ ਹੈ ਜਿੱਥੇ ਉਹਨਾਂ ਦੇ ਕਰਮਾਂ ਅਨੁਸਾਰ ਉਨ੍ਹਾਂ ਨੂੰ ਦੁਬਾਰਾ ਕੋਈ ਜੂਨ ਜਾਂ ਜੀਵਨ ਮਿਲਦਾ ਹੈ। ਜਿਹੜੇ ਨਾਮ ਜਪਣ ਵਾਲੇ ਹਨ, ਉਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਅਨੁਸਾਰ ਸਿੱਧੇ ਸੱਚਖੰਡ ਜਾਂਦੇ ਹਨ — ਉਹਨਾਂ ਨੂੰ ਮੁੜ ਆਉਣ ਦੀ ਲੋੜ ਨਹੀਂ ਪੈਂਦੀ।
ਇਸ ਸੰਦਰਭ ਵਿੱਚ ਗੁਰੂ ਸਾਹਿਬ ਇੱਕ ਰਾਜ ਦਰਬਾਰ ਦੀ ਤਸਵੀਰ ਦਿੰਦੇ ਹਨ — ਜਿੱਥੇ ਚੋਰਾਂ ਨੂੰ ਫੜ ਕੇ ਬੰਦੀ ਬਣਾਇਆ ਜਾਂਦਾ ਹੈ, ਤੇ ਆਮ ਲੋਕ (ਰਈਅਤ) ਆਪਣੇ ਘਰਾਂ ਵੱਲ ਵਾਪਸ ਜਾਂਦੇ ਹਨ। ਇਹ ਮੇਰੀ (ਲਿਖਾਰੀ ਦੀ) ਸਮਝ ਅਨੁਸਾਰ ਇੰਝ ਹੈ ਕਿ ਜਿਹੜੇ ਬਹੁਤ ਮਾੜੇ ਕਰਮ ਕਰਦੇ ਹਨ, ਉਹਨਾਂ ਦੀ ਰੂਹ ਨੂੰ ਓਥੇ ਸਜ਼ਾ ਮਿਲਦੀ ਹੈ, ਅਤੇ ਜਿਹੜੇ ਮਾੜੇ ਕਰਮ ਨਹੀਂ ਕਰਦੇ, ਉਹਨਾਂ ਨੂੰ ਆਪਣੇ ਕੀਤੇ ਅਮਲਾਂ ਦੇ ਅਨੁਸਾਰ ਦੁਬਾਰਾ ਕਿਸੇ ਜੂਨ ਵਿਚ ਜਨਮ ਮਿਲ ਜਾਂਦਾ ਹੈ — 84 ਲੱਖ ਜੂਨਾਂ ਵਿਚੋਂ ਕਿਸੇ ਇਕ ਵਿਚ।
ਜਿਹੜੇ ਰੱਬ ਦਾ ਨਾਮ ਜਪਦੇ ਹਨ, ਉਹਨਾਂ ਬਾਰੇ ਤਾਂ ਗੁਰੂ ਸਾਹਿਬ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਸਿੱਧੇ ਸੱਚਖੰਡ ਨੂੰ ਜਾਂਦੇ ਹਨ।
ਫਿਰ ਗੁਰੂ ਸਾਹਿਬ ਦੱਸਦੇ ਹਨ ਕਿ ਜਿਹੜੇ ਬਾਜਾਰੀ (ਵਪਾਰੀ) ਹਨ, ਉਹ ਮੁੜ ਆਪਣੀ-ਆਪਣੀ ਦੁਕਾਨਾਂ ਉੱਤੇ ਲੱਗ ਜਾਂਦੇ ਹਨ — ਜਿਵੇਂ ਬਜਾਰ ਚਲਾਇਆ ਜਾਂਦਾ ਹੈ। ਇੱਥੇ “ਬਜਾਰ” ਸੰਸਾਰਕ ਧੰਧਿਆਂ, ਰਵਾਇਤਾਂ ਅਤੇ ਦਿਖਾਵੇ ਦੀ ਤਸਵੀਰ ਹੈ। ਪਰ ਗੁਰੂ ਨਾਨਕ ਸਾਹਿਬ ਇਹ ਵੀ ਦੱਸਦੇ ਹਨ ਕਿ ਇਹ ਸਾਰਾ ਤਮਾਸ਼ਾ ਰੱਬ ਦੇ ਹੁਕਮ ਅਧੀਨ ਹੈ — ਕਿਸੇ ਦੇ ਆਪਣੇ ਹੱਥ ਦੀ ਗੱਲ ਨਹੀਂ।
ਇਸ ਬਜਾਰ ਵਿੱਚ ਹੋ ਰਿਹਾ ਦ੍ਰਿਸ਼ ਗੁਰੂ ਸਾਹਿਬ ਖੁੱਲ੍ਹੀ ਅੱਖ ਨਾਲ ਵੇਖਦੇ ਹਨ — ਕੋਈ ਨੱਚ ਰਿਹਾ ਹੈ, ਭਾਂਡ ਸਾਂਗ ਕਰ ਰਹੇ ਹਨ, ਪੰਡਤ ਗੀਤਾ, ਭਗਵਤ ਆਦਿ ਪੋਥੀਆਂ ਪੜ੍ਹ ਰਹੇ ਹਨ, ਮੁਲਾਂ ਰਸਾਲੇ ਪੜ੍ਹ ਰਹੇ ਹਨ, ਸਾਜ਼ ਵੱਜ ਰਹੇ ਹਨ, ਹਰ ਕੋਈ ਆਪਣੇ-ਆਪਣੇ ਧੰਧੇ ਵਿੱਚ ਲੱਗਾ ਹੋਇਆ ਹੈ। ਸਭ ਕੁਝ ਰਵਾਇਤੀ ਹੋ ਰਿਹਾ ਹੈ — ਪਰ ਅਸਲ ਰੂਹਾਨੀਅਤ, ਨਾਮ, ਤੇ ਅੰਦਰੂਨੀ ਪਵਿਤ੍ਰਤਾ ਨਾ ਦੇਖੀ ਜਾ ਰਹੀ ਹੈ, ਨਾ ਅਪਣਾਈ ਜਾ ਰਹੀ ਹੈ।
ਜਿਹੜੇ ਪੂਰੇ ਗੁਰਮੁਖ ਹਨ — ਜਿਹੜੇ ਸੱਚੇ ਗੁਰੂ ਦੇ ਚਰਨਾਂ ਨਾਲ ਜੁੜੇ ਹਨ, ਨਾਮ ਜਪਦੇ ਹਨ, ਚੰਗੇ ਕਰਮ ਕਰਦੇ ਹਨ — ਉਹ ਇਸ ਭੈੜੇ ਸੰਸਾਰ-ਸਮੁੰਦਰ ਨੂੰ ਪਾਰ ਕਰ ਜਾਂਦੇ ਹਨ। ਉਹਨਾਂ ਲਈ ਮੁਕਤੀ ਹੀ ਅਸਲ ਜੀਵਨ ਹੈ।
ਰੱਬ ਦੇ ਦਰ ‘ਤੇ ਨਿਆਇਕ ਪੜਤਾਲ
ਅੱਗੇ ਗੁਰੂ ਨਾਨਕ ਜੀ ਦੱਸਦੇ ਹਨ ਕਿ ਓਥੇ ਜਿਥੇ ਰੂਹਾਂ ਦੀ ਪੜਤਾਲ ਹੁੰਦੀ ਹੈ, ਉਥੇ ਇੰਨੀ ਬਰੀਕੀ ਨਾਲ ਹਿਸਾਬ ਹੁੰਦਾ ਹੈ ਕਿ ਰੂਹ ਸੂਈ ਦੀ ਨੋਕ ਤੋਂ ਵੀ ਨਿਕੀ ਹੋ ਜਾਂਦੀ ਹੈ। ਰੱਬ ਦੇ ਦਰ ਉੱਤੇ ਇਨਸਾਫ ਇੰਨਾ ਨਿਖਰਿਆ ਹੋਂਦਾ ਹੈ ਕਿ ਥੋੜ੍ਹੀ ਜਿਹੀ ਵੀ ਚਲਾਕੀ ਜਾਂ ਝੂਠੀ ਗੱਲ ਨਹੀਂ ਲੰਘ ਸਕਦੀ। ਜਿਹੜੇ ਲੋਕ ਸੰਸਾਰ ਵਿਚ ਪਾਪ ਕਰਦੇ ਹਨ, ਉਹਨਾਂ ਦੀ ਰੂਹ ਨੂੰ ਖੰਡੇ ਤੋਂ ਵੀ ਤਿੱਖੀ ਰੂਹਾਨੀ ਅੱਗ ਵਿੱਚ ਤਪਾਇਆ ਜਾਂਦਾ ਹੈ — ਇੱਕ ਅਜਿਹਾ ਅੰਦਰੂਨੀ ਸਸਕਾਰ ਜੋ ਉਨ੍ਹਾਂ ਦੇ ਵਿਕਾਰਾਂ ਨੂੰ ਸਾੜਦਾ ਹੈ। ਹੇਠਾਂ ਇਕ ਐਸੀ ਨਦੀ ਵਗਦੀ ਹੈ ਜੋ ਪਸ਼ਚਾਤਾਪ, ਦੁਖ ਅਤੇ ਤ੍ਰਾਹਿ ਤ੍ਰਾਹ ਦੀ ਲਹਿਰ ਹੈ — ਜਿਥੇ ਪਾਪੀਆਂ ਦੀ ਆਤਮਾ ਸੁੱਟ ਦਿੱਤੀ ਜਾਂਦੀ ਹੈ। ਉਥੇ ਅਜਿਹੇ ਆਤਮਕ ਸੰਕਟ ਅਤੇ ਤੀਬਰ ਪੀੜਾਵਾਂ ਹੁੰਦੀਆਂ ਹਨ ਜੋ ਮਨੁੱਖੀ ਕਲਪਨਾ ਤੋਂ ਪਰੇ ਹਨ। ਉਹਨਾਂ ਨੂੰ ਅਜਿਹੀਆਂ ਤਕਲੀਫਾਂ ਮਿਲਦੀਆਂ ਹਨ ਜੋ ਸਿਰਫ਼ ਉਨ੍ਹਾਂ ਦੇ ਅੰਦਰਲੇ ਪਾਪਾਂ ਦੀ ਪਰਛਾਂਵੀ ਬਣ ਜਾਂਦੀਆਂ ਹਨ।
ਕੁਝ ਝੂਠੇ ਪੀਰ ਖੜੇ ਹੋਏ ਨੌਕਾ (ਬੇੜੀ) ਲੈ ਕੇ ਖੜੇ ਰਹਿੰਦੇ ਹਨ, ਜੋ ਆਪਣੇ ਮੁਰੀਦਾਂ ਨੂੰ ਪਾਰ ਲੰਘਾਉਣ ਦਾ ਦਾਅਵਾ ਕਰਦੇ ਹਨ, ਪਰ ਉਨ੍ਹਾਂ ਦੀਆਂ ਨੌਕਾਵਾਂ ਵਿਚ ਕੋਈ ਰੱਬੀ ਤਾਕਤ ਨਹੀਂ ਹੁੰਦੀ। ਚੋਰ, ਠੱਗ, ਲਾਲਚੀ, ਹਰਾਮ ਦੀ ਖਾਣ ਵਾਲੇ, ਬਦਕਿਰਦਾਰ, ਠੱਗਣ ਵਾਲੇ, ਔਰਤਾਂ ਦੀ ਇੱਜ਼ਤ ਨਾਲ ਖਿਲਵਾਰ ਕਰਨ ਵਾਲੇ, ਧੋਖੇਬਾਜ਼, ਬੇਮੁਰਸ਼ਦ, ਬੇਉਸਤਾਦ, ਲੂਣ ਹਰਾਮੀ, ਉਪਕਾਰ ਭੁੱਲ ਜਾਣ ਵਾਲੇ, ਕੁਟਣੀਆਂ, ਲੋਲੀਆਂ, ਜਿਨ੍ਹਾਂ ਨੇ ਗਰੀਬਾਂ ਉੱਤੇ ਜ਼ਬਰ ਕਰਕੇ ਮਾਇਆ ਖਾਦੀ, ਜਿਨ੍ਹਾਂ ਨੇ ਕਿਸੇ ਦੀ ਅਮਾਨਤ ਰੱਖੀ ਤੇ ਮੁੱਕਰ ਗਏ, ਜਿਨ੍ਹਾਂ ਨੇ ਪਰਾਈ ਜਮੀਨ ਲੈ ਲਈ ਤੇ ਆਪ ਨੂੰ ਸੱਚਾ ਕਹਿਣ ਲੱਗ ਪਏ — ਇਹਨਾਂ ਸਾਰਿਆਂ ਦੀ ਰੂਹ ਨੂੰ ਓਥੇ ਵੱਡੀ ਤੇ ਦਰਦਨਾਕ ਸਜ਼ਾ ਮਿਲਦੀ ਹੈ।
ਅੱਗੇ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ ਕਿ ਜਿਹੜੇ ਮਨੁੱਖ ਝੂਠ, ਧੋਖੇ ਅਤੇ ਲਾਲਚ ਨਾਲ ਜੀਵਨ ਗੁਜ਼ਾਰਦੇ ਹਨ, ਉਹ ਅਖੀਰਲੇ ਦਰਬਾਰ ਵਿਚ ਰੱਬ ਵਲੋਂ ਭੁਲਾ ਦਿੱਤੇ ਜਾਂਦੇ ਹਨ। ਅਜਿਹੀਆਂ ਰੂਹਾਂ ਨੂੰ ਨਾ ਕੋਈ ਜੰਮਣ ਮਰਨ ਦੇ ਗੋਲ ਤੋਂ ਬਚਾ ਸਕਦਾ ਹੈ, ਨਾ ਉਹ ਉੱਚੀ ਆਤਮਕ ਅਵਸਥਾ ਨੂੰ ਹਾਸਲ ਕਰ ਸਕਦੀਆਂ ਹਨ। ਜਦ ਉਨ੍ਹਾਂ ਦੀ ਪੜਤਾਲ ਹੁੰਦੀ ਹੈ, ਤਾਂ ਉਹ ਬੇਬਸੀ ਨਾਲ ਚੀਕਦੇ ਹਨ, ਪਰ ਦੇਰ ਹੋ ਚੁੱਕੀ ਹੁੰਦੀ ਹੈ। ਅੰਤ ਵਿੱਚ ਉਨ੍ਹਾਂ ਨੂੰ ਦੁਬਾਰਾ ਭੀੜਾਂ ਵਿੱਚ ਪਾ ਕੇ ਦੁਨਿਆਵੀ ਰਾਹਾਂ ਤੇ ਫੇਰ ਸੁੱਟ ਦਿੱਤਾ ਜਾਂਦਾ ਹੈ।
ਇਹ ਰੂਹਾਂ ਅਣਗਿਣਤ ਯੁੱਗਾਂ ਤੱਕ ਸੰਸਾਰਕ ਦੁੱਖਾਂ ਦੀ ਲਹਿਰ ਵਿੱਚ ਪੀੜਾਵਾਂ ਸਹਿੰਦੀ ਹਨ। ਬੇਅੰਤ ਜੂਨਾਂ ਵਿੱਚ ਭਟਕਣ ਤੋਂ ਬਾਅਦ, ਕਿਸਮਤ ਨਾਲ ਹੀ ਮਨੁੱਖਾ ਜਨਮ ਮਿਲਦਾ ਹੈ, ਜੋ ਬਹੁਤ ਹੀ ਮੁੱਲੀ ਅਤੇ ਵਿਰਲਾ ਮੌਕਾ ਹੈ। ਪਰ ਜਦ ਮਨੁੱਖੀ ਦੇਹ ਮਿਲਦੀ ਹੈ, ਤਾਂ ਪਰਮਾਤਮਾ ਉਸ ਦੇ ਕਰਮਾਂ ਦੀ ਪੜਤਾਲ ਕਰਦਾ ਹੈ। ਜੇ ਮਨੁੱਖ ਅੰਦਰੋਂ ਕਪਟੀ ਹੋਏ, ਬਾਹਰੋਂ ਨਿਮਰਤਾ ਦਿਖਾਉਂਦੇ ਹਨ, ਤਾਂ ਉਹ ਦੋਮੁਖੀ ਜੀਵਨ ਜੀ ਰਹੇ ਹੁੰਦੇ ਹਨ। ਉਹਨਾਂ ਦੀ ਹਾਲਤ ਉਸ ਕਮਾਨ ਵਰਗੀ ਹੁੰਦੀ ਹੈ ਜੋ ਓਕਾਂ ਵਿਚ ਝੁਕਦੀ ਤਾਂ ਹੈ, ਪਰ ਅੰਦਰੋਂ ਤੀਖੀ ਤੇ ਖਤਰਨਾਕ ਹੁੰਦੀ ਹੈ। ਉਹ ਸ਼ਿਕਾਰੀ ਵਾਂਗ ਹੋ ਜਾਂਦੇ ਹਨ ਜੋ ਚੁਪ ਚਾਪ ਬੰਦੂਕ ਚਲਾ ਕੇ ਮਾਸੂਮਤਾ ਨੂੰ ਨਿਸ਼ਾਨਾ ਬਣਾ ਲੈਂਦੇ ਹਨ। ਅਜਿਹੇ ਵਿਅਕਤੀ, ਜੋ ਨਕਲੀ ਨਿਵਰਤਾ ਵਿਖਾ ਕੇ ਹੋਰਾਂ ਨੂੰ ਧੋਖਾ ਦਿੰਦੇ ਹਨ, ਆਤਮਕ ਹੱਤਿਆ ਕਰਦੇ ਹਨ।
ਪਰ ਗੁਰੂ ਸਾਹਿਬ ਆਖਦੇ ਹਨ ਕਿ ਜੇ ਕਿਸੇ ਦੇ ਅੰਦਰ ਸਚਮੁਚ ਸਚ ਹੋਵੇ, ਤਾਂ ਚਾਹੇ ਉਹ ਕਿਸੇ ਵੀ ਹਾਲਤ ਵਿੱਚ ਹੋਵੇ — ਉਹ ਰੱਬ ਦੀ ਦਰਗਾਹ ਵਿੱਚ ਕਬੂਲ ਹੁੰਦਾ ਹੈ। ਅਜਿਹੇ ਸੱਚੇ ਜੀਵ ਹੀ ਉੱਥੇ ਇੱਜ਼ਤ ਨਾਲ ਅਮ੍ਰਿਤਕ ਰੂਹਾਨੀ ਫਲ ਚੁੱਕਦੇ ਹਨ — ਉਹ ਹੀ ਸੁਰਖਰੂ ਹੋਕੇ ਜੀਤਦੇ ਹਨ।
ਵਿਰਲੇ ਹੀ ਹੁੰਦੇ ਹਨ ਸੱਚੇ ਸਾਧੂ
ਅੱਗੇ ਮਹਾਰਾਜ ਜੀ ਕਹਿੰਦੇ ਹਨ ਕਿ ਸੱਚ ਦੇ ਰਾਹ ‘ਤੇ ਚੱਲਣ ਵਾਲਾ ਮਨੁੱਖ ਬਹੁਤ ਹੀ ਵਿਰਲਾ ਹੁੰਦਾ ਹੈ। ਇਹ ਰਸਤਾ ਹਜ਼ਾਰਾਂ ਕੋਸ਼ਿਸ਼ਾਂ ਕਰਨ ਨਾਲ ਵੀ ਨਹੀਂ ਮਿਲਦਾ, ਲੱਖਾਂ ਜਤਨਾਂ ਦੇ ਬਾਵਜੂਦ ਵੀ ਇਹ ਪਾਉਣ ਵਾਲਾ ਕੋਈ-ਕੋਈ ਹੀ ਹੁੰਦਾ ਹੈ। ਜਿਵੇਂ ਪੱਥਰਾਂ ਵਿੱਚੋਂ ਵਿਰਲਾ ਹੀ ਕੋਈ ਪਾਰਸ ਹੁੰਦਾ ਹੈ, ਜਿਵੇਂ ਜੰਗਲਾਂ ਦੇ ਰੁੱਖਾਂ ਵਿੱਚੋਂ ਵਿਰਲਾ ਹੀ ਪਾਰਜਾਤ ਰੁੱਖ ਹੁੰਦਾ ਹੈ — ਜੋ ਇਕ ਦਿਵ੍ਯ ਰੁੱਖ ਮੰਨਿਆ ਜਾਂਦਾ ਹੈ, ਜਿਸਦੀ ਉਤਪੱਤੀ ਸਵਰਗ ਨਾਲ ਜੋੜੀ ਜਾਂਦੀ ਹੈ ਤੇ ਜੋ ਮਨੁੱਖ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰਨ ਵਾਲਾ ਮੰਨਿਆ ਜਾਂਦਾ ਹੈ। ਉਸੇ ਤਰ੍ਹਾਂ ਗਾਂਵਾਂ ਵਿੱਚੋਂ ਵਿਰਲੀ ਹੀ ਕਾਮਧੇਨ ਗਾਂ ਮਿਲਦੀ ਹੈ — ਜੋ ਧਰਮ ਗ੍ਰੰਥਾਂ ਅਨੁਸਾਰ ਉਹ ਗਾਂ ਹੈ ਜੋ ਸਭ ਇੱਛਾਵਾਂ ਪੂਰੀ ਕਰ ਸਕਦੀ ਹੈ। ਇਸੇ ਤਰ੍ਹਾਂ, ਮਨੁੱਖਾ ਸਮਾਜ ਵਿੱਚ ਵੀ ਸਾਧੂ ਬਹੁਤ ਵਿਰਲੇ ਹੁੰਦੇ ਹਨ। ਸਾਧੂ ਦੀ ਚਾਲ-ਚਲਨ, ਆਤਮਕ ਪਵਿਤ੍ਰਤਾ ਅਤੇ ਪਰਮਾਤਮਾ ਨਾਲ ਲਿਵ ਇਤਨੀ ਉੱਚੀ ਹੁੰਦੀ ਹੈ ਕਿ ਕੋਈ ਵੀ ਮਨੁੱਖ ਉਸਦੀ ਗਹਿਰਾਈ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦਾ।
ਹਾਂ, ਜੇ ਕੋਈ ਇੱਕ ਜਾਂ ਦੋ ਮਨੁੱਖ ਵੀ ਸੱਚੇ ਸਾਧੂ ਦੇ ਰਸਤੇ ‘ਤੇ ਚੱਲ ਪੈਣ, ਤਾਂ ਉਹ ਵੀ ਗੁਣਾਂ ਰਾਹੀਂ ਸਾਧੂ ਬਣ ਜਾਂਦੇ ਹਨ।
ਅੱਗੇ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ ਕਿ ਜੇ ਮਨੁੱਖ ਨੂੰ ਕੋਈ ਸੱਚਾ ਸਾਧੂ ਨਾ ਮਿਲੇ, ਤਾਂ ਇਹ ਸੰਸਾਰ ਪੂਰੀ ਤਰ੍ਹਾਂ ਧੋਖੇ, ਪਖੰਡ ਅਤੇ ਲਾਲਚ ਨਾਲ ਭਰਿਆ ਹੋਇਆ ਹੈ। ਲੋਕ ਮਾਇਆ ਦੇ ਲਾਲਚ ਦਾ ਜਾਲ ਵਿਛਾ ਕੇ ਹੋਰਾਂ ਨੂੰ ਫਸਾਉਂਦੇ ਹਨ। ਉਹ ਮਾਇਆ ਨੂੰ ਹੀ ਰਾਹ ਦਿਖਾਉਣ ਵਾਲਾ ਮੂਲ ਮੰਨਦੇ ਹਨ ਅਤੇ ਫਿਰ ਲੋਕਾਂ ਤੋਂ ਮਾਇਆ ਲੈਣ ਦੀ ਹੀ ਕੋਸ਼ਿਸ਼ ਕਰਦੇ ਹਨ। ਹਰ ਪਾਸੇ ਧੋਖੇ ਦੇ ਜਾਲ ਵਿਛਾਏ ਹੋਏ ਹਨ, ਜਿਨ੍ਹਾਂ ਵਿੱਚ ਅਣਜਾਣ ਤੇ ਮੂਰਖ ਮਨੁੱਖ ਫਸ ਜਾਂਦੇ ਹਨ। ਕੁਝ ਲੋਕ ਤਾਂ ਆਪਣੇ ਆਪ ਨੂੰ ਬਚਾਉਣ ਲਈ (ਝੂਠੀ ਗਵਾਹੀ ਦੇ ਕੇ) ਹੋਰਾਂ ਦੇ ਪਾਪ ਆਪਣੇ ਸਿਰ ਲੈ ਲੈਂਦੇ ਹਨ, ਪਰ ਇਸ ਤਰ੍ਹਾਂ ਉਹ ਆਪੇ ਹੀ ਵੱਡੇ ਪਾਪੀ ਬਣ ਜਾਂਦੇ ਹਨ। ਉਹਨਾਂ ਦੇ ਇਹ ਪਾਪ ਇੰਨੇ ਭਾਰੀ ਹੋ ਜਾਂਦੇ ਹਨ ਕਿ ਉਹ ਕਦੇ ਵੀ ਉਤਰਦੇ ਨਹੀਂ — ਨਤੀਜੇ ਵਜੋਂ ਉਹ ਰਸਾਤਲ (ਘੋਰ ਨਰਕ) ਵਿੱਚ ਪਏ ਰਹਿੰਦੇ ਹਨ।
ਇਹ ਲੋਕ ਹਲਾਲ (ਸੱਚੀ ਕਮਾਈ) ਦੀ ਇਕ ਰੁਪਈ ਦੀ ਵੀ ਕਦਰ ਨਹੀਂ ਕਰਦੇ, ਪਰ ਹਰਾਮ (ਝੂਠੀ ਤੇ ਗਲਤ) ਕਮਾਈ ਦੇ ਕ੍ਰੋੜਾਂ ਦੀ ਚਾਹ ਰੱਖਦੇ ਹਨ।
ਪਰ ਗੁਰੂ ਸਾਹਿਬ ਦੱਸਦੇ ਹਨ ਕਿ ਜਿਵੇਂ ਅਨਾਰ ਦੀ ਇਕ ਚਿੰਗਾਰੀ ਸਾਰੇ ਜੰਗਲ ਨੂੰ ਸਾੜ ਸਕਦੀ ਹੈ, ਓਸੇ ਤਰ੍ਹਾਂ ਪਰਮਾਤਮਾ ਦੇ ਨਾਮ ਦਾ ਥੋੜ੍ਹਾ ਜਿਹਾ ਸਿਮਰਨ ਵੀ ਲੱਖਾਂ ਕ੍ਰੋੜਾਂ ਪਾਪਾਂ ਨੂੰ ਸਾੜ ਕੇ ਰਾਖ ਕਰ ਸਕਦਾ ਹੈ।
ਗੁਰੂ ਸਾਹਿਬ ਆਖਦੇ ਹਨ ਕਿ ਪਾਪੀ ਵੀ ਕਈ ਤਰ੍ਹਾਂ ਦੇ ਹੁੰਦੇ ਹਨ — ਉਤਮ, ਮੱਧਮ ਜਾਂ ਹੋਰ ਹੋਰ ਕਿਸਮਾਂ ਦੇ। ਹੱਤਿਆ ਵੀ ਕਈ ਤਰ੍ਹਾਂ ਦੀ ਹੁੰਦੀ ਹੈ — ਜਿਵੇਂ ਬ੍ਰਾਹਮਣ ਦੀ ਹੱਤਿਆ ਕਰਨੀ, ਕਿਸੇ ਦੇ ਗੋਤ ਜਾਂ ਵੰਸ਼ ਨੂੰ ਨਾਸ ਕਰਨਾ, ਕਰਜ਼ਦਾਰ ਨੂੰ ਤਬਾਹ ਕਰਨਾ, ਕੁਆਰੀ ਕੁੜੀ ਨੂੰ ਨੁਕਸਾਨ ਪਹੁੰਚਾਉਣਾ ਜਾਂ ਕਿਸੇ ਵਿਸ਼ਵਾਸਘਾਤੀ ਕੰਮ ਰਾਹੀਂ ਧੋਖਾ ਕਰਨਾ ਆਦਿ। ਇਹ ਸਭ ਪਾਪ ਮਨੁੱਖ ਨੂੰ ਆਤਮਕ ਤਬਾਹੀ ਵੱਲ ਲੈ ਜਾਂਦੇ ਹਨ। ਪਰ
ਜੋ ਮਨੁੱਖ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ, ਉਹ ਇਸ ਮਾਇਆ ਦੇ ਜਾਲ ਤੋਂ ਬਚ ਜਾਂਦਾ ਹੈ ਅਤੇ ਆਪਣਾ ਜੀਵਨ ਸੱਚੇ ਰਸਤੇ ਉੱਤੇ ਲੈ ਆਉਂਦਾ ਹੈ।
ਸਭ ਤੋਂ ਭਾਰੀ ਪਾਪ — ਨਿੰਦਾ
ਅੱਗੇ ਗੁਰੂ ਨਾਨਕ ਸਾਹਿਬ ਜੀ ਇਸ ਭਾਗ ਵਿੱਚ ਸਭ ਤੋਂ ਭਾਰੀ ਤੇ ਉੱਚ ਦਰਜੇ ਦੇ ਪਾਪਾਂ ਦੀ ਗਿਣਤੀ ਕਰਦੇ ਹਨ। ਉਹ ਕਹਿੰਦੇ ਹਨ ਕਿ ਇੱਕ ਜੀਵ ਦੀ ਹੱਤਿਆ ਲੱਖਾਂ ਛੋਟੇ-ਛੋਟੇ ਪਾਪਾਂ ਦੇ ਬਰਾਬਰ ਮੰਨੀ ਜਾਂਦੀ ਹੈ। ਪਰ ਜਿਸ ਮਨੁੱਖ ਨੇ ਗੁਰੂ ਨੂੰ ਛੱਡ ਕੇ ਮੋਹ ਜਾਂ ਝੂਠੇ ਰਾਹਾਂ ਵੱਲ ਮੂੰਹ ਮੋੜ ਲਿਆ, ਉਸਦਾ ਇਹ ਕਰਤੱਬ ਛੇ ਜਣਿਆਂ ਦੀ ਹੱਤਿਆ ਵਰਗਾ ਭਾਰੀ ਪਾਪ ਹੈ। ਵਿਸ਼ਵਾਸ ਘਾਤ — ਕਿਸੇ ਤੇ ਭਰੋਸਾ ਕਰਵਾ ਕੇ ਉਸ ਨੂੰ ਧੋਖਾ ਦੇਣਾ — ਇਹ ਪਾਪ ਲੱਖਾਂ ਮਾਂ-ਬਾਪਾਂ ਦੀ ਹੱਤਿਆ ਤੋਂ ਵੀ ਵੱਡਾ ਹੈ। ਹੋਰ ਹੱਤਿਆਵਾਂ ਤਾਂ ਕਿਸੇ ਹੱਦ ਤੱਕ ਮਾਫ ਹੋ ਸਕਦੀਆਂ ਹਨ, ਪਰ ਵਿਸ਼ਵਾਸਘਾਤੀ ਮਨੁੱਖ ਕਦੇ ਵੀ ਇਨਸਾਫ ਤੋਂ ਨਹੀਂ ਬਚ ਸਕਦਾ। ਗੁਰੂ ਸਾਹਿਬ ਕਹਿੰਦੇ ਹਨ ਕਿ ਜੋ ਮਨੁੱਖ ਉਪਕਾਰ ਭੁੱਲ ਜਾਂਦਾ ਹੈ, ਜੋ ਕਰਤੱਘ ਨਹੀਂ — ਉਹ ਲੱਖਾਂ ਪਾਪਾਂ ਦੇ ਭਾਰ ਵਰਗਾ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਜੋ ਪਰਾਈ ਇਸਤਰੀ ਨਾਲ ਸੰਬੰਧ ਰੱਖਦਾ ਹੈ, ਉਹ ਮਹਾਂ ਪਾਤਕੀ, ਅਤਿ ਭਾਰੀ ਪਾਪੀ ਹੈ। ਗੁਰੂ ਜੀ ਆਖਦੇ ਹਨ ਕਿ ਦੁਨੀਆਂ ਵਿੱਚ ਜਿਤਨੇ ਵੀ ਪਾਪ ਹੁੰਦੇ ਹਨ, ਉਹ ਸਾਰੇ ਜੇ ਇੱਕਠੇ ਕਰ ਲਈਏ, ਅਤੇ ਕੋਈ ਮਨੁੱਖ ਉਹਨਾਂ ਨੂੰ ਜਾਣ-ਬੁੱਝ ਕੇ ਕਰੇ, ਤਾਂ ਉਹ ਸਾਰੇ ਪਾਪ ਉਸ ਦੇ ਸਿਰ ਚੜ੍ਹ ਜਾਂਦੇ ਹਨ।
ਪਰ ਇਸ ਸਭ ਵਿੱਚੋਂ ਸਭ ਤੋਂ ਖਤਰਨਾਕ ਪਾਪ “ਨਿੰਦਕ” ਹੋਣਾ ਹੈ — ਜੋ ਸਾਈਂ (ਰੱਬ) ਜਾਂ ਗੁਰਮੁਖਾਂ ਦੀ ਨਿੰਦਾ ਕਰਦੇ ਹਨ। ਇਹ ਨਿੰਦਕ ਤੁਰੰਤ ਨਰਕ ਵਿੱਚ ਨਹੀਂ ਜਾਂਦੇ, ਉਹ ਅਜੇਹੀ ਜ਼ਿੰਦਗੀ ਜੀਉਂਦੇ ਹਨ ਜੋ ਸਾਲਾਂ ਤੱਕ ਚੱਲਦੀ ਹੈ, ਪਰ ਉਸ ਜੀਵਨ ਦੀ ਹਕੀਕਤ ਕਲੇਸ਼, ਭਾਰੀ ਪਾਪ ਤੇ ਅੰਦਰੂਨੀ ਤਬਾਹੀ ਹੁੰਦੀ ਹੈ। ਸਭ ਪਾਪੀਆਂ ਦੇ ਪਾਪ ਇਕੱਠੇ ਹੋ ਕੇ ਨਿੰਦਕ ਦੇ ਸਿਰ ਚੜ੍ਹ ਜਾਂਦੇ ਹਨ, ਇਸ ਕਰਕੇ ਨਿੰਦਕ ਸਾਰੇ ਪਾਪੀਆਂ ਵਿੱਚੋਂ ਸਭ ਤੋਂ ਵੱਡਾ ਪਾਪੀ ਹੈ।
ਅੰਦਰਲੀ ਸੂਝ ਬਿਨਾ ਧਰਮ ਅਧੂਰਾ
ਗੁਰੂ ਨਾਨਕ ਸਾਹਿਬ ਜੀ ਸਪਸ਼ਟ ਕਰਦੇ ਹਨ ਕਿ ਧਾਰਮਿਕ ਗ੍ਰੰਥਾਂ ਦੀ ਸਿਰਫ਼ ਪਾਠ-ਪੁਸਤਕ ਪੜ੍ਹਾਈ ਕਰਨਾ, ਜੇਕਰ ਅੰਦਰੋਂ ਸਮਝ ਨਾ ਹੋਵੇ, ਤਾਂ ਉਹ ਮਨੁੱਖ ਨੂੰ ਸਚ ਦਾ ਭੇਦ ਨਹੀਂ ਦੇ ਸਕਦਾ। ਕੁਰਾਨ, ਪੁਰਾਣ, ਚਾਰ ਵੇਦ ਜਾਂ ਚਾਰ ਕਤੇਬਾਂ ਪੜ੍ਹਨ ਵਾਲਿਆਂ ਵਿਚੋਂ ਵਿਰਲੇ ਹੀ ਕਿਦਰੇ ਭੇਦ ਪਾ ਸਕਦੇ ਹਨ। ਮੁਲਾਂ ਅਜ਼ਾਨਾਂ ਲਗਾਉਂਦੇ, ਨਮਾਜ਼ਾਂ ਪੜ੍ਹਦੇ ਰਹਿੰਦੇ ਹਨ, ਰੋਜ਼ ਪੂਕਾਰ ਕਰਦੇ ਹਨ ਪਰ ਆਪਣੀ ਰੂਹ ਦੀ ਖੁਦ ਸੂਝ ਨਹੀਂ ਲੈ ਸਕਦੇ। ਪੜ੍ਹਨ ਨਾਲ ਭੇਦ ਨਹੀਂ ਮਿਲਦਾ — ਜਿਸ ਨੇ ਅੰਦਰੋਂ ਰੱਬ ਨੂੰ ਜਾਣਿਆ, ਸਿਰਫ਼ ਉਹੀ ਸਚਾ ਰਾਹ ਪਾ ਜਾਂਦਾ ਹੈ।
ਗੁਰੂ ਸਾਹਿਬ ਆਖਦੇ ਹਨ ਕਿ ਸੱਚਾ ਖੁਦਾ ਇੱਕ ਹੀ ਹੈ, ਤੇ ਜਿਸ ਨੇ ਉਸਨੂੰ ਅੰਦਰੋਂ ਬੁਝਿਆ, ਉਸਨੂੰ ਹੀ ਸੂਝ ਆਉਂਦੀ ਹੈ।
ਇੱਕ ਪਰਮਾਤਮਾ, ਇਕ ਰਾਹ – ਧਰਮ ਨਾ ਦਿਖਾਵਾ
ਕਈ ਲੋਕ ਵੱਡੀ ਪਗ ਬੰਨ੍ਹ ਕੇ, ਲੰਬਾ ਸ਼ਮਲਾ ਪਾ ਕੇ ਧਾਰਮਿਕ ਬਣਾ ਹੋਣ ਦਾ ਦਿਖਾਵਾ ਕਰਦੇ ਹਨ, ਪਰ ਅਸਲ ਵਿਚ ਉਹ ਰਿਸ਼ਵਤ ਖਾਂਦੇ ਹਨ, ਝੂਠ ਬੋਲਦੇ ਹਨ। ਉਹ ਰੱਬ ਦੀ ਕਿਤਾਬਾਂ ਦੇ ਰਾਹ ਨੂੰ ਛੱਡ ਕੇ ਸ਼ੈਤਾਨੀ ਦਿਸ਼ਾ ਵਿਚ ਪੜ੍ਹਦੇ ਜਾਂਦੇ ਹਨ। ਉਹਨਾਂ ਦੀ ਦੁਨੀਆ ਦੋਜ਼ਖ (ਨਰਕ) ਬਣ ਜਾਂਦੀ ਹੈ, ਤੇ ਉਹ ਆਖਰਤਾਈ ਦਿਨ (ਕਿਆਮਤ) ਨੂੰ ਭੀ ਅਸਫਲ ਹੋ ਜਾਂਦੇ ਹਨ। ਅਲਾਹ ਨੇ ਲਖ ਚਉਰਾਸੀ ਲੱਖ ਜੂਨਾਂ ਦੀ ਉਮਤਿ ਰਚੀ — ਹਰ ਜੀਵ ਨੂੰ ਵੱਖ-ਵੱਖ ਗੁਣ ਦੇ ਕੇ ਬਣਾਇਆ, ਇਹ ਸਾਰੀ ਬਣਾਵਟ ਉਸ ਦੀ ਮਰਜ਼ੀ ਅਤੇ ਹੁਕਮ ਅਧੀਨ ਹੈ।
ਗੁਰੂ ਨਾਨਕ ਸਾਹਿਬ ਜੀ ਰੱਬ ਦੀ ਇਕਤਾ, ਧਰਮਾਂ ਦੀ ਸੱਚੀ ਮੂਲ ਭਾਵਨਾ ਅਤੇ ਮਨੁੱਖੀ ਭਾਈਚਾਰੇ ਦੀ ਮਹਾਨਤਾ ਨੂੰ ਬੜੀ ਖੁਲਾਸੇ ਨਾਲ ਸਿੱਖਿਆ ਦੇ ਰਹੇ ਹਨ। ਉਹ ਕਹਿੰਦੇ ਹਨ ਕਿ ਇੱਕੋ ਹੀ ਪਵਿੱਤਰ ਖੁਦਾਈ ਹੈ, ਜੋ ਸਾਰੇ ਰਾਜਿਆਂ, ਪਾਤਸ਼ਾਹਾਂ ਤੋਂ ਉੱਚਾ ਹੈ। ਉਹ ਰਾਜ ਕਰਦਾ ਹੈ ਬਿਨਾਂ ਕਿਸੇ ਮੰਤਰੀ ਜਾਂ ਸਹਾਇਕ ਦੇ, ਅਤੇ ਉਸਦਾ ਰਾਜ ਅਗੰਮ, ਬੇਅੰਤ ਅਤੇ ਅਥਾਹ ਹੈ। ਪਰਮਾਤਮਾ ਨੇ ਆਪਣੀ ਦੂਜੀ ਕੁਦਰਤ ਰਚ ਕੇ ਆਦਮ (ਮਨੁੱਖ) ਦਾ ਰੂਪ ਬਣਾਇਆ। ਕਾਨ (ਅਜੀਵ), ਨਬਾਤ (ਉੱਗਣ ਵਾਲੀ ਰਚਨਾ), ਅਤੇ ਹੈਵਾਨ (ਜਾਨਵਰ ਅਤੇ ਮਨੁੱਖ) — ਇਹ ਤਿੰਨ ਕੁਦਰਤ ਦੇ ਰੂਪ ਹਨ ਜੋ ਇਸ ਧਰਤੀ ਉੱਤੇ ਵਸਦੇ ਹਨ। ਇਹ ਸਾਰੇ ਜੀਵ ਖੁਦ ਰੱਬ ਦੀ ਰਚਨਾ ਹਨ — ਚਾਹੇ ਖ਼ਾਸ ਹੋਣ ਜਾਂ ਆਮ ਬੰਦੇ, ਸਭ ਕੁਦਰਤੀ ਤੌਰ ‘ਤੇ ਉਸਨੇ ਹੀ ਬਣਾਏ ਹਨ। ਉਹ ਸਾਰੇ ਉੱਤੇ ਸਰਦਾਰ ਹੈ — ਜਿਸਦੀ ਸਿਫ਼ਤ ਧਾਰਮਿਕ ਗ੍ਰੰਥਾਂ ਵਿੱਚ ਵੀ ਕੀਤੀ ਜਾਂਦੀ ਹੈ।
ਉਸ ਨੇ ਇੱਕ ਤੋਂ ਲੱਖਾਂ ਆਦਮ (ਮਨੁੱਖ) ਰਚੇ, ਪਰ ਸਾਰੇ ਅੰਦਰ ਇੱਕੋ ਜਿਹੀ ਰੂਹ ਹੈ। ਫਿਰ ਵੀ ਬਹੁਤ ਸਾਰੇ ਲੋਕ ਸ਼ੈਤਾਨੀ ਰਾਹਾਂ ਉੱਤੇ ਲੱਗ ਜਾਂਦੇ ਹਨ। ਰੱਬ ਵੱਲ ਜਾਣ ਵਾਲੇ ਰਸਤੇ ਵੱਖ-ਵੱਖ ਹੋ ਸਕਦੇ ਹਨ, ਵੱਖ-ਵੱਖ ਰਸੂਲ ਆਏ ਹੋਏ ਹਨ, ਪਰ ਮੰਨਣਾ ਸਿਰਫ਼ ਇੱਕ ਪਰਮਾਤਮਾ ਨੂੰ ਹੀ ਹੈ। ਹਿੰਦੂ ਅਤੇ ਮੁਸਲਮਾਨ ਦੋਵੇਂ ਉਸੇ ਇੱਕ ਰੱਬ ਦੇ ਬਣਾਏ ਹੋਏ ਬੰਦੇ ਹਨ। ਪਰ ਦੁਖ ਦੀ ਗੱਲ ਇਹ ਹੈ ਕਿ ਇਹ ਲੋਕ ਰਾਮ ਤੇ ਰਸੂਲ ਦੇ ਨਾਂ ‘ਤੇ ਲੜਦੇ ਹਨ, ਜੋ ਕਿ ਬੇਈਮਾਨੀ ਹੈ। ਗੁਰੂ ਜੀ ਕਹਿੰਦੇ ਹਨ ਕਿ ਕਿਸੇ ਉੱਤੇ ਜਬਰ, ਕੁਫਰ ਜਾਂ ਧੋਖਾ ਕਰਨਾ ਪਾਪ ਹੈ, ਕਿਸੇ ਨੂੰ ਤਕਲੀਫ ਨਾ ਦਿਓ।
ਜੇਕਰ ਕੋਈ ਮਨੁੱਖ ਸੱਚੀ ਲਗਨ ਨਾਲ ਰੱਬ ਦੀ ਬੰਦਗੀ ਕਰੇ, ਤਾਂ ਉਹ ਕਿਸੇ ਵੀ ਧਰਮ ਦਾ ਹੋਵੇ, ਉਸ ਦੀ ਅਰਦਾਸ ਦਰਗਾਹ ਵਿਚ ਕਬੂਲ ਹੋ ਜਾਂਦੀ ਹੈ।
ਮਨੁੱਖ ਸਭ ਜੀਵਾਂ ਵਿੱਚੋਂ ਖਾਸ ਬਣਾਇਆ ਗਿਆ ਹੈ, ਅਤੇ ਉਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਰੱਬ ਦੀ ਸਿਫ਼ਤ ਕਰੇ, ਰੱਬ ਦੀਆਂ ਗੱਲਾਂ ਲੋਕਾਂ ਤੱਕ ਪਹੁੰਚਾਏ, ਚਾਹੇ ਉਹ ਵੇਦਾਂ ਰਾਹੀਂ ਹੋਵੇ ਜਾਂ ਕਤੇਬਾਂ ਰਾਹੀਂ। ਅੰਤ ਵਿੱਚ ਗੁਰੂ ਸਾਹਿਬ ਜੀ ਸਿੱਧਾ ਸੰਦੇਸ਼ ਦਿੰਦੇ ਹਨ — ਹੇ ਮੋਮਿਨੋ! ਧਾਰਮਿਕ ਦਾਵੇ, ਰਵਾਇਤਾਂ ਤੇ ਝਗੜੇ ਛੱਡੋ। ਸਿਰਫ਼ ਇਕ ਪਰਮਾਤਮਾ ਨੂੰ ਮੰਨੋ, ਸੱਚੇ ਦਿਲੋਂ ਬੰਦਗੀ ਕਰੋ — ਤਾਂ ਤੁਸੀਂ ਰੱਬ ਦੀ ਦਰਗਾਹ ਵਿੱਚ ਕਬੂਲ ਹੋ ਜਾਓਗੇ
ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ ਕਿ ਹਿੰਦੂਆਂ ਦੇ ਚਾਰ ਵੇਦ ਅਤੇ ਮੁਸਲਮਾਨਾਂ ਦੀਆਂ ਚਾਰ ਕਿਤਾਬਾਂ (ਕੁਰਾਨ ਸਮੇਤ) ਸਭ ਨੂੰ ਰਸੂਲਾਂ ਨੇ ਹੀ ਦਿੱਤਾ ਗਿਆ ਗਿਆਨ ਮੰਨਿਆ ਜਾਂਦਾ ਹੈ। ਪਰ ਸੱਚ ਇਹ ਹੈ ਕਿ ਪਰਮਾਤਮਾ ਇੱਕੋ ਹੀ ਹੈ, ਰੂਹ ਇੱਕੋ ਹੀ ਹੈ, ਨੂਰ ਇੱਕੋ ਹੀ ਹੈ। ਮਨੁੱਖ ਜਦ ਜਾਣ ਬੂਝ ਕੇ ਧਰਮਾਂ ਦੇ ਵੱਖਰੇ ਵੱਖਰੇ ਦਾਵੇ ਕਰਦੇ ਹਨ, ਤਾਂ ਉਹ ਗੁਮਰਾਹੀ ਅਤੇ ਅਨ੍ਹੇਰੇ (ਕੁਫ਼ਰ) ਵਿੱਚ ਡਿੱਗ ਜਾਂਦੇ ਹਨ। ਪਰਮਾਤਮਾ ਸਿਰਫ਼ ਇੱਕ ਪਾਕ ਹੈ, ਤਸਬੀ (ਰੋਸਰੀ) ਸਿਰਫ਼ ਉਸੇ ਦਾ ਜਪਣੀ ਚਾਹੀਦੀ ਹੈ। ਤਸਬੀ ਦੇ ਮਣਕੇ ਸਾਰੇ ਇੱਕੋ ਰੰਗ ਦੇ ਹਨ, ਪਰ ਲੋਕ ਲੱਖਾਂ ਵੱਖ-ਵੱਖ ਰੰਗਾਂ ਵਿੱਚ ਝੂਠੀ ਧਾਰਮਿਕਤਾ ਵਿਖਾ ਰਹੇ ਹਨ।
ਇਕ ਰੂਹ, ਇਕ ਖੇਡ — ਰਾਜੀ ਹੋ ਕੇ ਮਰਣਾ
ਜੋ ਮਨੁੱਖ ਜੀਵਤ ਜੀਵਾਂ ਨੂੰ ਮਾਰਦੇ ਹਨ, ਉਨ੍ਹਾਂ ਦੀ ਕਰਤੂਤ ਪਾਪ ਹੈ — ਕਿਉਂਕਿ ਜੀਵਨ ਲੈਣਾ ਛੁਰੀ ਨਾਲ — ਇਹ ਹਰਾਮ ਹੈ। ਮੁਰਦੇ ਦੀ ਹੱਤਿਆ ਜਾਂ ਲਾਸ਼ ਨੂ ਕੱਟ ਕੇ ਖਾਣਾ ਹਲਾਲ ਕਿਵੇਂ ਹੋ ਸਕਦਾ ਹੈ? ਇਹ ਸਿਰਫ਼ ਮੂੰਹ ਦੀ ਗੱਲ ਬਣ ਗਈ ਹੈ। ਜਿਹੜਾ ਕਿਸੇ ਜੀਵ ਨੂੰ ਮਾਰੇ, ਉਹ ਮਾਰਨ ਵਾਲਾ ਹੀ ਹੁੰਦਾ ਹੈ — ਉਸ ਤੋਂ ਪਾਪ ਹਟੇਗਾ ਨਹੀਂ। ਕਿਆਮਤ ਦੇ ਦਿਨ ਹਰੇਕ ਪਾਪ ਦਾ ਲੇਖਾ ਹੋਣਾ ਹੀ ਹੋਣਾ ਹੈ — ਉੱਥੇ ਕੋਈ ਬਚ ਨਹੀਂ ਸਕਦਾ। ਜੇ ਕੋਈ ਬਾਹਰੋਂ ਤਾਕਤਵਰ ਜਾਂ ਚੰਗਾ ਦਿਸਦਾ ਹੋਵੇ, ਉਹ ਜਰੂਰੀ ਨਹੀਂ ਕਿ ਅੰਦਰੋਂ ਵੀ ਚੰਗਾ ਹੋਵੇ। ਜੋ ਰੱਬ ਦੀ ਰਜਾ ਵਿੱਚ ਮਰਦੇ ਹਨ — ਉਨ੍ਹਾਂ ਦੀ ਮੌਤ ਵੀ ਅਮਲ ਬਣ ਜਾਂਦੀ ਹੈ।
ਰੱਬ ਦੀ ਉਮਰ ਦੀ ਕੋਈ ਗਿਣਤੀ ਨਹੀਂ, ਉਹ ਸਦੀਵੀ ਅਤੇ ਅਨੰਤ ਹੈ। ਉਸ ਨੇ ਚਾਰ ਤਰ੍ਹਾਂ ਦੀ ਰਚਨਾ ਕੀਤੀ — ਕਾਨ (ਅਜੀਵ ਚੀਜ਼ਾਂ), ਹੈਵਾਨ (ਜਾਨਵਰ), ਨਬਾਤ (ਪੌਦੇ) ਅਤੇ ਚੌਥਾ ਇਨਸਾਨ। ਇਹ ਸਾਰੇ ਰੱਬ ਦੀ ਹੀ ਰਚਨਾ ਹਨ। ਹਰੇਕ ਵਿਚ ਇਕੋ ਰੂਹ ਵੱਸਦੀ ਹੈ, ਜੋ ਰੱਬ ਵੱਲੋਂ ਦਿੱਤਾ ਗਿਆ ਪਵਿੱਤਰ ਤੱਤ ਹੈ। ਪਰ ਜੇਕਰ ਮਨੁੱਖ ਰੱਬ ਦੀ ਬੰਦਗੀ ਨੂੰ ਛੱਡ ਕੇ ਸਿਰਫ਼ ਮਾਇਆ ਦੇ ਪਿਛੇ ਭੱਜੇ, ਤਾਂ ਉਹ ਗੁਨਾਹਾਂ ਦੇ ਵਹਿਰੇ ਵਿੱਚ ਫਸ ਜਾਂਦੇ ਹਨ।
ਇਸ ਸੰਸਾਰ ਦੀ ਰਚਨਾ ਇੱਕ ਚੌਪੜ ਦੀ ਖੇਡ ਵਾਂਗ ਹੈ — ਇਹ ਚੱਕਰ ਮੁੜ ਮੁੜ ਆਉਂਦੇ ਹਨ। ਜਦ ਤਕ ਮਨੁੱਖ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਉਹ ਆਵਾਗਵਨ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਇਹ ਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਸਾਰੇ ਮਨੁੱਖ ਰੂਹਾਨੀ ਤੌਰ ‘ਤੇ ਇਕੋ ਹਨ, ਸਾਰੇ ਰਾਹ ਇੱਕ ਪਰਮਾਤਮਾ ਵੱਲ ਹੀ ਜਾਣਦੇ ਹਨ, ਅਤੇ ਨਾਮ-ਸਿਮਰਨ ਹੀ ਮੂਲ ਹੈ, ਜੋ ਸਾਨੂੰ ਪਾਪਾਂ ਤੋਂ ਬਚਾ ਕੇ ਚੌਪੜ ਦੀ ਖੇਡ ਤੋਂ ਮੁਕਤ ਕਰਦਾ ਹੈ।
ਇਹ ਸਭ ਗੱਲਾਂ ਸੁਣ ਕੇ ਕਾਜ਼ੀ ਰੁਕਨਦਿਨ ਵਿਸਮਾਦ ਵਿਚ ਡਿੱਬ ਜਾਂਦਾ ਹੈ। ਅੱਗੇ ਉਹ ਗੁਰੂ ਨਾਨਕ ਦੇਵ ਜੀ ਨੂੰ ਇਕ ਹੋਰ ਸਵਾਲ ਪੁੱਛਦਾ ਹੈ — ਜੋ ਅਗਲੇ ਭਾਗ ਵਿੱਚ ਆਉਂਦਾ ਹੈ।
Leave a comment