ਗੁਰੂ ਨਾਨਕ ਅਤੇ ਕਾਜੀ ਰੁਕਨੁੱਦੀਨ (ਭਾਗ 4): ਇੱਕ ਰੱਬ – ਚਾਰ ਧਰਮ ਗ੍ਰੰਥ

Published on

ਹੁਣ ਅਸੀਂ ਅੱਗੇ ਵਧਦੇ ਹਾਂ — ਜਿਥੇ ਗੱਲ ਹੁੰਦੀ ਹੈ “ਸਿਰਫ਼ ਕੁਰਾਨ, ਸਿਰਫ਼ ਇੱਕ ਰਸੂਲ” ਦੀ — ਕਾਜ਼ੀ ਰੁਕਨਦੀਨ ਗੁਰੂ ਨਾਨਕ ਸਾਹਿਬ ਦੇ ਚੌਥੇ ਸਵਾਲ ਵਿਚ ਇਹ ਪੁੱਛਦਾ ਹੈ:

ਪੂਰਾ ਪ੍ਰਸ਼ਨ ਇਸ ਤਰ੍ਹਾਂ ਸੀ

ਕਾਜੀ ਰੁਕਨਦੀਨ ਗੁਰੂ ਨਾਨਕ ਦੇਵ ਜੀ ਨੂੰ ਸਵਾਲ ਕਰਦੇ ਹਨ ਕਿ ਜੇ ਰੱਬ ਇੱਕ ਹੈ, ਤਾਂ ਸੱਚੀ ਕਿਤਾਬ ਵੀ ਇੱਕ ਹੋਣੀ ਚਾਹੀਦੀ ਹੈ। ਉਹ ਕਹਿੰਦੇ ਹਨ ਕਿ ਪਹਿਲੀਆਂ ਤਿੰਨ ਕਿਤਾਬਾਂ — ਤੌਰਾਤ, ਜ਼ਬੂਰ ਅਤੇ ਇੰਜੀਲ ਹੁਣ ਮਨਸੂਖ (ਅਣਮੰਨੀਆਂ) ਹੋ ਚੁੱਕੀਆਂ ਹਨ, ਅਤੇ ਚੌਥੀ ਕਿਤਾਬ ਕੁਰਾਨ ਹੀ ਰੱਬ ਦਾ ਅਖੀਰਲਾ ਫੁਰਮਾਨ (ਹੁਕਮ) ਹੈ। ਇਸ ਕਰਕੇ, ਮੁਸਲਮਾਨ ਹੁਣ ਪਹਿਲੀਆਂ ਤਿੰਨ ਕਿਤਾਬਾਂ ਦੇ ਹੁਕਮਾਂ ਨੂੰ ਨਹੀਂ ਮੰਨਦੇ। ਉਹ ਸਿਰਫ ਇਕ ਰੱਬ ਦੇ ਹੁਕਮ (ਕੁਰਾਨ) ਵਿਚ ਪੂਰਾ ਈਮਾਨ ਰੱਖਣ ਦੀ ਗੱਲ ਕਰਦੇ ਹਨ।

ਜਵਾਬ ਗੁਰੂ ਨਾਨਕ ਜੀ ਮਹਾਰਾਜ

ਅੱਗੇ ਗੁਰੂ ਨਾਨਕ ਦੇਵ ਗ ਮਹਾਰਾਜ ਹਿੰਦੂ ਧਰਮ ਦਾ ਜਿਕਰ ਕਰਦੇ ਹੋਏ ਕਹਿੰਦੇ ਹਨ ਕਿ ਹਿੰਦੂ ਧਰਮ ਵਿੱਚ ਜਿਨ੍ਹਾਂ ਚਾਰ ਵਰਣਾਂ—ਬ੍ਰਾਹਮਣ, ਖਤਰੀ, ਵੈਸ਼ ਅਤੇ ਸ਼ੂਦਰ—ਨੂੰ ਮੰਨਿਆ ਗਿਆ, ਉਹਨਾਂ ਨੇ ਆਪਣੇ-ਆਪਣੇ ਸਮੇਂ ਵਿੱਚ ਆਪਣੀ ਭੂਮਿਕਾ ਨਿਭਾਈ ਅਤੇ ਧਰਮ ਦੇ ਰਸਤੇ ਉੱਤੇ ਚੱਲ ਕੇ ਆਪਣਾ ਨਿਸ਼ਾਨ ਛੱਡਿਆ। ਇਹ ਵਰਣ ਚਾਰੇ ਹੀ ਯੁਗਾਂ ਵਿੱਚ ਰੱਬੀ ਰਸਤੇ ਵੱਲ ਇਸ਼ਾਰਾ ਕਰਦੇ ਰਹੇ ਅਤੇ ਜਗਤ ਨੂੰ ਰੱਬ ਉੱਤੇ ਇਮਾਨ ਰੱਖਣ ਦੀ ਸਿੱਖਿਆ ਦਿੰਦੇ ਰਹੇ। ਪਰ ਅੱਜ ਦੇ ਮਨੁੱਖ ਨੇ ਆਪਣੇ ਅੰਦਰੋਂ ਖੁਦੀ—ਅਹੰਕਾਰ—ਨੂੰ ਨਹੀਂ ਮਿਟਾਇਆ। ਇਹ ਅਹੰਕਾਰ ਹੀ ਹੈ ਜੋ ਲੋਕਾਂ ਨੂੰ ਆਪਸੀ ਲੜਾਈ, ਧਾਰਮਿਕ ਖਿੱਚਤਾਣ ਅਤੇ ਵਿਵਾਦਾਂ ਵਿੱਚ ਪਾਇਆ ਹੋਇਆ ਹੈ।

ਫੁਰਮਾਉਂਦੇ ਹਨ ਕਿ ਅਰਬ ਦੇ ਲੋਕ ਅਲਾਹ ਦੇ ਚਾਰ ਯਾਰ ਮੰਨਦੇ ਹਨ—ਹਵਾ, ਪਾਣੀ, ਅੱਗ ਅਤੇ ਨਿਮਰਤਾ ਨਾਲ ਭਰਪੂਰ ਮਿੱਟੀ। ਇਹ ਚਾਰ ਤੱਤ ਮਿਲ ਕੇ ਇੱਕ ਸੰਤੁਲਤ ਜੀਵਨ ਦੀ ਰਚਨਾ ਕਰਦੇ ਹਨ। ਜਦੋਂ ਇਹਨਾਂ ਚਾਰ ਤੱਤਾਂ ਵਿੱਚ ਰੂਹ (ਪੰਜਵਾਂ ਤੱਤ) ਸ਼ਾਮਲ ਹੁੰਦੀ ਹੈ, ਤਦੋਂ ਹੀ ਇੱਕ ਪਵਿੱਤਰ ਜੀਵਤ ਸਰੀਰ ਬਣਦਾ ਹੈ। ਪਰ ਜੋ ਵਿਅਕਤੀ ਇਹਨਾਂ ਤੱਤਾਂ ਦੀ ਅਸਲੀਅਤ ਨੂੰ ਨਹੀਂ ਸਮਝਦੇ ਜਾਂ ਜੋ ਆਪਣੇ ਆਪ ਨੂੰ ਇਨ੍ਹਾਂ ਤੋਂ ਉੱਚਾ ਸਮਝਦੇ ਹਨ, ਉਹ ਅਪਵਿੱਤਰ ਮੰਨੇ ਜਾਂਦੇ ਹਨ।

ਲੋਕ ਰੱਬ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਖੋਜਦੇ ਹਨ—ਕੋਈ ਪੂਰਬ ਨੂੰ ਰੱਬ ਦਾ ਸਥਾਨ ਮੰਨਦਾ ਹੈ, ਕੋਈ ਪੱਛਮ ਨੂੰ; ਕੋਈ ਦੱਖਣ ਵੱਲ ਦਰੂਦ ਪੜ੍ਹਦਾ ਹੈ, ਤਾਂ ਕੋਈ ਉੱਤਰ ਵੱਲ। ਪਰ ਗੁਰੂ ਨਾਨਕ ਜੀ ਸਾਫ਼ ਕਰਦੇ ਹਨ ਕਿ ਰੱਬ ਕਿਸੇ ਇੱਕ ਦਿਸ਼ਾ ਜਾਂ ਥਾਂ ਵਿੱਚ ਸੀਮਿਤ ਨਹੀਂ। ਹਿੰਦੂ, ਮੁਸਲਮਾਨ ਜਾਂ ਈਸਾਈ ਵਾਂਗ ਵੱਖ-ਵੱਖ ਧਰਮਾਂ ਨੇ ਆਪਣੇ-ਆਪਣੇ ਰਾਹ ਅਤੇ ਮੱਤਵਾਦ ਬਣਾਏ ਹਨ, ਪਰ ਸਾਰੇ ਰਸਤੇ ਰੱਬ ਦੀ ਇਕੋ ਸਿਫ਼ਤ ਵੱਲ ਹੀ ਜਾਂਦੇ ਹਨ। ਤੌਰਾਤ, ਅੰਜੀਲ, ਜਬੂਰ ਅਤੇ ਵੇਦ ਵਰਗੀਆਂ ਧਾਰਮਿਕ ਕਿਤਾਬਾਂ ਨੇ ਵੀ ਰੱਬ ਦੀ ਮਹਿਮਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਅਸਲ ਸੂਝ ਤਾਂ ਉਸੇ ਨੂੰ ਮਿਲਦੀ ਹੈ ਜਿਸ ਨੂੰ ਰੱਬ ਦੀ ਮਿਹਰ ਨਾਲ ਨਸੀਬ ਹੁੰਦੀ ਹੈ।

ਕਲਜੁਗ ਦਾ ਅਥਰਵ ਵੇਦ ਜੇ ਕੋਈ ਵਿਅਕਤੀ ਇਸਦੇ ਦੇ ਗਿਆਨ ਤੋਂ ਬਿਨਾਂ ਜਾਂ ਆਤਮਕ ਸੂਝ ਤੋਂ ਰਹਿਤ ਹੋ ਕੇ ਮਨਮਾਨੇ ਕਰਮ ਕਰਦਾ ਹੈ, ਤਾਂ ਉਹ ਕਰਮ ਅੰਧ ਵਿਸ਼ਵਾਸ ਬਣ ਜਾਂਦੇ ਹਨ ਅਤੇ ਰੱਬ ਦੀ ਰਜ਼ਾ ਤੋਂ ਬਿਨਾਂ ਕੀਤੇ ਕਰਮ ਕਦੇ ਵੀ ਉਸ ਦੀ ਕਬੂਲੀਅਤ ਵਿੱਚ ਨਹੀਂ ਆਉਂਦੇ। ਅਜਿਹਾ ਵਿਅਕਤੀ ਰੱਬ ਦੀ ਕਿਰਪਾ ਤੋਂ ਵਾਂਝਾ ਰਹਿੰਦਾ ਹੈ ਅਤੇ ਸ਼ੈਤਾਨੀ ਪ੍ਰਭਾਵਾਂ ਅਧੀਨ ਆ ਜਾਂਦਾ ਹੈ।

ਗੁਰੂ ਸਾਹਿਬ ਕਹਿੰਦੇ ਹਨ ਕਿ ਨਾ ਤਾਂ ਜਾਤ-ਪਾਤ ਦੇ ਆਧਾਰ ਤੇ ਤਰਪਣ ਕਰਨਾ, ਨਾ ਹੀ ਰਾਜਸੀ ਹਵਾਲਾ ਹੋਣਾ ਜਾਂ ਨਮਾਜ਼ਾਂ ਪੜ੍ਹ ਲੈਣਾ ਹੀ ਰੱਬੀ ਰਾਹ ਹੈ। ਜੇ ਕੋਈ ਮੂੰਹੋਂ ਆਪਣੇ ਆਪ ਨੂੰ ਮੋਮਿਨ ਕਹਿੰਦਾ ਹੈ ਪਰ ਅੰਦਰੋਂ ਨੇਕ ਕਰਮਾਂ ਤੋਂ ਖਾਲੀ ਹੈ, ਤਾਂ ਉਹ ਇਸ ਦੁਨੀਆ ਵਿੱਚ ਵੀ ਦੁਖੀ ਰਹਿੰਦਾ ਹੈ ਅਤੇ ਪਰਲੋਕ ਵਿੱਚ ਵੀ ਨਰਕ ਦੀ ਪੀੜਾ ਸਹੇਗਾ। ਲੋਕ ਦਿਨ-ਰਾਤ ਇਸ ਡਰ ਵਿਚ ਫਿਰਦੇ ਹਨ ਕਿ ਕਿਤੇ ਦੋਜ਼ਖ ਵਿਚ ਨਾ ਪੈ ਜਾਈਏ, ਜਾਂ ਦੁਨੀਆਂ ਦੇ ਸੁਖਾਂ ਤੋਂ ਹਟ ਨਾ ਜਾਈਏ, ਇਸ ਕਰਕੇ ਉਹ ਰਿਵਾਜੀ ਕਰਮ ਕਰਦੇ ਹਨ। ਹਾਲਾਂਕਿ ਉਹ ਕਈ ਵਾਰੀ ਨਮਾਜ਼ਾਂ ਪੜ੍ਹਦੇ ਹਨ, ਪਰ ਜੇ ਨੀਅਤ ਸਾਫ਼ ਨਾ ਹੋਵੇ ਅਤੇ ਅਮਲ ਵਿਚ ਸਚਾਈ ਨਾ ਹੋਵੇ ਤਾਂ ਉਹ ਨਮਾਜ਼ਾਂ ਰੱਬ ਦੀ ਦਰਗਾਹ ਵਿੱਚ ਕਬੂਲ ਨਹੀਂ ਹੁੰਦੀਆਂ। ਇਹ ਪੂਰਾ ਸਿੱਖਿਆ ਸੰਦੇਸ਼ ਹੈ ਕਿ ਸਿਰਫ਼ ਰਿਵਾਜੀ ਧਾਰਮਿਕਤਾ ਨਹੀਂ, ਸਗੋਂ ਸੱਚਾ ਕਰਮ, ਨੀਅਤ ਅਤੇ ਗਿਆਨ ਨਾਲ ਕੀਤੀ ਇਬਾਦਤ ਹੀ ਰੱਬ ਨੂੰ ਪਿਆਰੀ ਹੈ।

ਦੂਜੀ ਸੋਚ ਜਾਂ ਦੁਨੀਆਵੀਂ ਮੋਹ, ਹਉਮੈ ਅਤੇ ਧਾਰਮਿਕ ਦੁਹਿਰਾਪਨ ਅਸਲ ਇਮਾਨ ਤੋਂ ਹਟ ਕੇ ਕੁਫ਼ਰ (ਗੁਮਰਾਹੀ) ਦੇ ਰੂਪ ਹਨ, ਜੋ ਅਕਸਰ ਮਨੁੱਖ ਆਪਣੇ ਅੰਦਰ ਹੀ ਲੁਕਾ ਕੇ ਰੱਖਦੇ ਹਨ। ਗੁਰੂ ਨਾਨਕ ਜੀ ਕਹਿੰਦੇ ਹਨ ਕਿ ਸੱਚਾ ਇਸਲਾਮ ਉਹ ਹੈ ਜੋ ਰੱਬ ਦੇ ਰਾਹ ਤੇ ਤੁਰਦਾ ਹੈ, ਨਾ ਕਿ ਸਿਰਫ਼ ਬਾਹਰੀ ਅਜ਼ਾਨਾਂ ਦੀਆਂ ਉੱਚੀਆਂ ਬਾਂਗਾਂ ਰਾਹੀਂ। ਲੋਕ ਢੋਲ, ਰਬਾਬ, ਮਿਰਦੰਗਾਂ ਵਜਾ ਕੇ, ਰਾਗ ਤਾਲ ਦੇ ਕੇ ਨੱਚਦੇ ਹੋਏ ਰੱਬ ਦਾ ਨਾਮ ਲੈਂਦੇ ਹਨ — ਇਹ ਰਸਮਾਂ ਹਿੰਦੂ ਤੇ ਮੁਸਲਮਾਨ ਦੋਹਾਂ ਵਲੋਂ ਕੀਤੀਆਂ ਜਾਂਦੀਆਂ ਹਨ।

ਪਰ ਗੁਰੂ ਜੀ ਆਖਦੇ ਹਨ ਕਿ ਰੱਬ ਇਨ੍ਹਾਂ ਝਖ ਝਖ ਦੀਆਂ ਆਵਾਜ਼ਾਂ ਨੂੰ ਨਹੀਂ ਸੁਣਦਾ। ਗੁਮਰਾਹ ਹੋਏ ਲੋਕਾਂ ਦੀ ਬੰਦਗੀ ਝੂਠੀ ਹੁੰਦੀ ਹੈ, ਉਹਨਾ ਦੇ ਕਰਮ ਨਾ ਇਨਾਮ ਦੇ ਕਾਬਲ ਹੁੰਦੇ ਹਨ, ਨਾ ਹੀ ਪ੍ਰਭੂ ਦੀ ਰਜ਼ਾ ਪ੍ਰਾਪਤ ਕਰਦੇ ਹਨ।

ਕਈ ਵਾਰ ਸੱਚੇ ਭਗਤਾਂ ਨੂੰ ਹੀ ਦੁਖ ਸਹਿਣਾ ਪੈਂਦਾ ਹੈ, ਜਦਕਿ ਕਾਜੀ ਜਾਂ ਧਾਰਮਿਕ ਨੇਤਾ ਝੂਠਿਆਂ ਦਾ ਪੱਖ ਲੈਂਦੇ ਹਨ — ਇਹਨਾਂ ਦੀਆਂ ਕਰਤੂਤਾਂ ਦੁਆਰਾ ਧਰਮ ਦੀ ਹਾਣੀ ਹੁੰਦੀ ਹੈ। ਜੋ ਵਿਅਕਤੀ ਧਰਮ ਛੱਡ ਕੇ ਮਾਇਆਵਾਦੀ ਜੀਵਨ ਵਲ ਵੱਧ ਜਾਂਦੇ ਹਨ, ਉਹ ਨਾ ਧਰਮ ਹੀ ਬਚਾਉਂਦੇ ਹਨ, ਤੇ ਨਾ ਹੀ ਦੁਨੀਆ (ਆਖ਼ਰਤ ਵਿੱਚ) ਉਨ੍ਹਾਂ ਨਾਲ ਜਾਂਦੀ ਹੈ। ਇਸ ਤਰ੍ਹਾਂ ਦੁਨੀਆ ਜਹਨਮ ਦਾ ਰੂਪ ਧਾਰਨ ਕਰ ਜਾਂਦੀ ਹੈ — ਨਾਪਾਕ, ਅਸੌਖ ਅਤੇ ਦੁਖਦਾਈ।

ਗੁਰੂ ਜੀ ਆਖਦੇ ਹਨ ਕਿ ਮਨੁੱਖ ਨੇ ਆਪਣੀ ਨੀਅਤ ਨੂੰ ਸੁਧਾਰਨਾ ਚਾਹੀਦਾ ਹੈ, ਤੇ ਹਰਾਮ ਹਲਾਲ ਦੀ ਪਛਾਣ ਕਰਦੇ ਹੋਏ ਅਸਲ ਸ਼ਰੀਅਤ ਨੂੰ ਮੰਨਣਾ ਚਾਹੀਦਾ ਹੈ। ਸੱਚ ਦੀ ਅਦਾਲਤ ਨੂੰ ਮੰਨੋ, ਨਾ ਕਿ ਰਿਵਾਜੀ ਪੱਖਪਾਤੀ ਰਾਹਾਂ ਨੂੰ। ਸ਼ਰੀਅਤ ਦੇ ਅਸਲ ਅਰਥ ਤੇ ਅਮਲ ਰਾਹੀਂ ਹੀ ਹਕੀਕਤ (ਅਸਲ ਰੱਬੀ ਗਿਆਨ) ਨੂੰ ਹਾਸਲ ਕੀਤਾ ਜਾ ਸਕਦਾ ਹੈ। ਇਹ ਮਾਰਗ ਤਦੋਂ ਮਿਲਦਾ ਹੈ ਜਦੋਂ ਮਨ ਆਪਣੀ ਹਉਮੈ ਤੋਂ ਰਿਹਾਈ ਪਾ ਲੈਂਦਾ ਹੈ। ਜਿਸ ਵੇਲੇ ਮਨ ਮਰਦਾ ਹੈ (ਆਪਾ ਨਿਵਾਉਂਦਾ ਹੈ), ਤਦ ਹੀ ਮਨੁੱਖ ਰੱਬੀ ਮਰਫਤ ਦੇ ਰਸਤੇ ਨੂੰ ਪ੍ਰਾਪਤ ਕਰ ਸਕਦਾ ਹੈ। ਚਾਹੇ ਤੂੰ ਮਰਨਾ ਚਾਹੇਂ ਜਾਂ ਨਾ ਚਾਹੇਂ, ਇਹ ਇਕ ਅਟਲ ਹੁਕਮ ਹੈ — ਜੋ ਮਨੁੱਖ ਰੱਬ ਦੇ ਹੁਕਮ ਨੂੰ ਪਛਾਣ ਜਾਂਦਾ ਹੈ, ਉਹ ਸੱਚੇ ਮਹਿਲ (ਸੱਚਖੰਡ) ਵਿਚ ਟਿਕ ਜਾਂਦਾ ਹੈ।

ਹਰ ਕੋਈ ਸੱਚ ਤੋਂ ਉੱਚਾ ਹੋਣ ਦੀ ਕੋਸ਼ਿਸ਼ ਕਰਦਾ ਹੈ, ਪਰ ਆਖ਼ਰ ਥੱਕ ਕੇ ਖਲੋ ਜਾਂਦਾ ਹੈ, ਤੇ ਸੱਚ ਹੀ ਥਿਰ ਰਹਿੰਦਾ ਹੈ। ਗੁਰੂ ਨਾਨਕ ਜੀ ਕਹਿੰਦੇ ਹਨ — ਸੁਣ ਰੁਕਨਦੀਨ ਕਾਜੀ! ਤੂੰ ਕੁਰਾਨ ਪੜ੍ਹ ਕੇ ਵੇਖ। ਰੱਬ ਨੇ ਇੱਕ ਹੀ ਰੂਹ (ਅਮਾਨਤ) ਦਿੱਤੀ ਹੈ, ਜੇ ਤੂੰ ਈਮਾਨ ਨਾਲ ਉਸ ਨੂੰ ਸਾਂਭ ਰੱਖੇਂ ਤਾਂ ਦੋਹਾਂ ਜਹਾਨਾਂ ਵਿਚ ਤੈਨੂੰ ਮਾਣ ਮਿਲੇਗਾ। ਜਿਹੜਾ ਝੂਠੇ ਵਾਅਦੇ ਕਰਦਾ ਹੈ, ਇੱਥੇ ਕੁਝ ਦੇ ਕੇ ਉੱਥੇ ਵਾਪਸ ਲੈਣ ਦੀ ਆਸ ਰੱਖਦਾ ਹੈ — ਉਹ ਸ਼ੈਤਾਨੀ ਰਸਤੇ ਉੱਤੇ ਹੈ। ਆਖ਼ਰਕਾਰ, ਜੋ ਬੀਜ ਪਾਏਗਾ ਉਹੀ ਲੁਣੇਗਾ, ਜੋ ਖਟੇਗਾ ਉਹੀ ਖਾਏਗਾ। ਹਰ ਵਿਅਕਤੀ ਨੂੰ ਆਪਣੇ ਕਰਮਾਂ ਦੇ ਅਨੁਸਾਰ ਹੀ ਲੇਖਾ ਮਿਲੇਗਾ — ਇਨਸਾਫ਼ ਸਿਰਫ਼ ਅਮਲ ਉੱਤੇ ਹੀ ਆਧਾਰਤ ਹੈ।

ਇਹ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਅੰਦਰਲੇ ਵਿਕਾਰਾਂ, ਧਾਰਮਿਕ ਦਿਖਾਵੇ, ਅਤੇ ਦੁਨੀਆਵੀ ਝੂਠ ਤੋਂ ਸਾਵਧਾਨ ਕਰਦੇ ਹਨ। ਉਹ ਪਹਿਲਾਂ ਇੱਕ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ

ਗੁਰੂ ਜੀ ਅਸਲ ਵੈਰੀਆਂ ਦੀ ਪਛਾਣ ਕਰੋਂਦੇ ਹਨ

ਪਹਿਲਾ ਵੈਰੀ ਮਨੁੱਖ ਦਾ ਆਪਣਾ ਨਫ਼ਸ ਹੈ – ਮਤਲਬ, ਅੰਦਰਲੀ ਹਉਮੈ, ਅਹੰਕਾਰ, ਤੇ ਇਛਾਵਾਂ ਜੋ ਮਨੁੱਖ ਨੂੰ ਸੱਚ ਤੋਂ ਦੂਰ ਕਰਦੀਆਂ ਹਨ। ਇਸੇ ਕਰਕੇ ਗੁਰੂ ਜੀ ਇਸ ਨੂੰ ਸਭ ਤੋਂ ਪਹਿਲਾ ਦੁਸ਼ਮਣ ਕਹਿੰਦੇ ਹਨ।

ਦੂਜਾ ਵੈਰੀ ਹੈ ਸ਼ੈਤਾਨ – ਜੋ ਮਨੁੱਖ ਦੇ ਮਨ ਨੂੰ ਰਾਹ ਤੋਂ ਭਟਕਾਉਂਦਾ ਹੈ, ਝੂਠੇ ਲਾਲਚ, ਦੁਸ਼ਮਣੀ, ਅਤੇ ਗੁਮਰਾਹੀ ਵੱਲ ਖਿੱਚਦਾ ਹੈ।

ਤੀਜਾ ਵੈਰੀ ਹੈ ਦੁਨੀਆ ਦੀ ਮੋਹ ਮਾਇਆ, ਜੋ ਮਨੁੱਖ ਵਿੱਚ ਅਹੰਕਾਰ ਪੈਦਾ ਕਰਦੀ ਹੈ – ਦੁਨੀਆ ਦੇ ਰੰਗ-ਤਮਾਸ਼ਿਆਂ ਅਤੇ ਝੂਠੇ ਗਰੂਰ ਵਿੱਚ ਵਿਅਕਤੀ ਆਪਣੀ ਅਸਲ ਰੂਹ ਨੂੰ ਭੁਲਾ ਦਿੰਦਾ ਹੈ।

ਚੌਥਾ ਵੈਰੀ ਹੈ ਨੀਂਦ – ਜੋ ਮਨੁੱਖ ਨੂੰ ਆਲਸੀ ਬਣਾ ਕੇ, ਨਾਮ ਜਪਣ, ਸਿਮਰਨ ਅਤੇ ਅਮਲ ਤੋਂ ਰੋਕਦੀ ਹੈ। ਪੰਜਵਾਂ ਵੈਰੀ ਹੈ ਕਾਮ (ਲਾਲਸਾ) – ਜੋ ਮਨੁੱਖ ਨੂੰ ਵਿਕਾਰਾਂ ਵਿਚ ਗਲਤਾਨ ਕਰ ਦਿੰਦਾ ਹੈ, ਜਿਸ ਕਰਕੇ ਉਹ ਚਿੱਤ ਨੂੰ ਕਾਬੂ ਵਿੱਚ ਨਹੀਂ ਰੱਖ ਸਕਦਾ।

ਛੇਵਾਂ ਵੈਰੀ ਹੈ ਤਮਕ (ਗੁੱਸਾ) – ਜੋ ਮਨੁੱਖ ਨੂੰ ਆਤਮਿਕ ਅਸਥਿਰਤਾ ਵਿੱਚ ਰੱਖਦਾ ਹੈ। ਗੁੱਸਾ ਮਨ ਨੂੰ ਭਟਕਾਉਂਦਾ ਹੈ ਅਤੇ ਸੰਤੁਲਨ ਖਤਮ ਕਰ ਦਿੰਦਾ ਹੈ।

ਇਨ੍ਹਾਂ ਸਾਰਿਆਂ ਦੇ ਅੰਦਰ ਹੋਣ ਨਾਲ ਗੁਰੂ ਨਾਨਕ ਜੀ ਆਖਦੇ ਹਨ ਕਿ “ਜੇ ਇਹ ਸਾਰੇ ਵੈਰੀ ਤੈਨੂੰ ਘੇਰੇ ਹੋਏ ਹਨ, ਤਾਂ ਤੇਰਾ ਈਮਾਨ ਕਿਵੇਂ ਕਾਇਮ ਰਹੇਗਾ?” – ਅਸਲ ਭਗਤੀ ਤਾਂ ਤਦ ਹੀ ਸੰਭਵ ਹੈ ਜਦੋਂ ਇਹ ਅੰਦਰੂਨੀ ਵੈਰੀ ਕਾਬੂ ਵਿੱਚ ਆਉਣ।

ਰੱਬ ਨੇ ਜੋ ਹੁਕਮ ਧਰਮ ਗ੍ਰੰਥਾਂ ਰਾਹੀਂ ਦਿੱਤੇ ਹਨ, ਉਹ ਦੱਸਦੇ ਹਨ ਕਿ ਬਿਨਾ ਸਚੀ ਇਬਾਦਤ ਦੇ ਹੋਰ ਸਾਰੇ ਕਰਮ ਸ਼ੈਤਾਨੀ ਕਰਤੂਤ ਬਣ ਜਾਂਦੇ ਹਨ। ਰੱਬ ਦੇ ਨਾਮ ਨੂੰ ਸੱਚੇ ਦਿਲ ਨਾਲ ਲੈਣਾ ਚਾਹੀਦਾ ਹੈ, ਨਾ ਕਿ ਝੂਠੇ ਧਾਰਮਿਕ ਰਿਵਾਜਾਂ ‘ਚ ਰਮ ਕੇ। ਸਰੀਰ ਜੋ ਮਿੱਟੀ ਦਾ ਹੈ, ਉਹ ਫਿਰ ਮਿੱਟੀ ‘ਚ ਹੀ ਮਿਲ ਜਾਂਦਾ ਹੈ। ਪਰ ਜੇ ਮਨੁੱਖ ਜੀਵਨ ਵਿੱਚ ਮਿੱਟੀ (ਆਪਾ) ਬਣ ਜਾਏ, ਨਿਮਰਤਾ ਵਿਚ ਰਹੇ, ਤਾਂ ਉਸ ਦਾ ਜੀਵਨ ਰੱਬ ਨੂੰ ਪਸੰਦ ਆਉਂਦਾ ਹੈ।

Comments

Leave a comment