Category: Punjabi

  • ਗੁਰੂ ਨਾਨਕ ਦੇਵ ਜੀ ਅਤੇ ਕਾਜੀ ਰੁਕਨੁੱਦ-ਦੀਨ: ਸੱਚਾ ਮਾਰਗ

    ਪਿਛਲੇ ਬਲੌਗ ਵਿੱਚ ਅਸੀਂ ਜੀਵਣ (ਜੋ ਮੱਕਾ ਵਿੱਚ ਸਫਾਈ ਕਰਦਾ ਸੀ) ਨਾਲ ਗੁਰੂ ਨਾਨਕ ਸਾਹਿਬ ਦੇ ਸੰਵਾਦ ਦੀ ਚਰਚਾ ਕੀਤੀ, ਜਿਸ ਵਿੱਚ ਉਨ੍ਹਾਂ ਨੇ “ਸੱਚਾ ਮੁਸਲਮਾਨ ਅਤੇ ਸੱਚਾ ਹਿੰਦੂ ਕੌਣ ਹੈ” — ਇਸ ਬਾਰੇ ਡੂੰਘੀ ਸੂਝ ਬਖ਼ਸ਼ੀ। ਉਨ੍ਹਾਂ ਨੇ ਮਨੁੱਖਤਾ ਦੇ ਸੱਚੇ ਮੂਲ — ਪਵਿੱਤਰ ਆਚਰਨ, ਦਿਲ ਦੀ ਸਫਾਈ ਅਤੇ ਰੱਬ ਨਾਲ ਸਿੱਧੀ ਡੋਰ ਦੀ ਵਿਆਖਿਆ ਕੀਤੀ। ਇਸ ਸੰਵਾਦ ਤੋਂ ਬਾਅਦ, ਕਾਜ਼ੀ ਰੁਕਨਦੀਨ ਨੇ ਗੁਰੂ ਨਾਨਕ ਸਾਹਿਬ ਕੋਲ ਇੱਕ ਹੋਰ ਗੰਭੀਰ ਸਵਾਲ ਰੱਖਿਆ।

    ਉਸਦਾ ਪਹਿਲਾ ਸਵਾਲ ਸੀ:

    ਪੂਰਾ ਸਵਾਲ ਇਸ ਤਰ੍ਹਾਂ ਹੈ

    ਹੇ ਨਾਨਕ! ਸੁਣ, ਅਸੀਂ ਕਲਮਾ ਪੜ੍ਹਦੇ ਹਾਂ, ਰੋਜ਼ੇ ਰੱਖਦੇ ਹਾਂ, ਪੰਜ ਵਾਰੀ ਨਮਾਜ਼ ਅਦਾ ਕਰਦੇ ਹਾਂ। ਅਸੀਂ ਅਲ੍ਹਾ ਨੂੰ ਮੰਨਦੇ ਹਾਂ ਤੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਨਬੀ ਤੇ ਰਸੂਲ ਮੰਨਦੇ ਹਾਂ। ਇਹੀ ਸੱਚਾ ਰਾਹ ਹੈ। ਜਿਹੜਾ ਇਹ ਕਲਮਾ ਪੜ੍ਹਦਾ ਹੈ, ਉਹੀ ਦਰਵੇਸ਼ ਹੈ।

    ਸਾਹਿਬ ਦੀ ਕਿਤਾਬ ਵਿੱਚ ਲਿਖਿਆ ਹੈ ਕਿ ਜੋ ਕਲਮੇ ਪਾਕ ਪੜ੍ਹਦੇ ਹਨ, ਉਹ ਦੋਜ਼ਖ ਦੀ ਅੱਗ ਤੋਂ ਬਚ ਜਾਂਦੇ ਹਨ। ਜੋ ਰੋਜ਼ੇ ਰੱਖਦੇ ਹਨ ਤੇ ਨਮਾਜ਼ ਪੜ੍ਹਦੇ ਹਨ, ਉਹ ਭਿਸਤ ਵਿਚ ਜਾਂਦੇ ਹਨ। ਕਾਫਰ ਸਦਾ ਦੋਜ਼ਖ ਦੀ ਅੱਗ ਵਿੱਚ ਸੜਦੇ ਹਨ। ਕ਼ਿਆਮਤ ਦੇ ਦਿਨ ਸਿਰਫ਼ ਉਹੀ ਬਚਣਗੇ ਜੋ ਈਮਾਨ ‘ਤੇ ਕਾਇਮ ਰਹੇ। ਇਸ ਲਈ, ਹੇ ਨਾਨਕ! ਤੂੰ ਵੀ ਕਲਮਾ ਪੜ੍ਹ ਤੇ ਈਮਾਨ ਲਿਆ। ਤੂੰ ਕਿਉਂ ਨਹੀਂ ਮੰਨਦਾ ਇਹ ਰਸਤਾ?

    ਜਵਾਬ ਨਾਨਕ ਸ਼ਾਹ ਸੂਰਾ॥

    ਗੁਰੂ ਨਾਨਕ ਸਾਹਿਬ ਕਾਜ਼ੀ ਰੁਕਨਦੀਨ ਨੂੰ ਬੜੀ ਨਿਮਰਤਾ ਅਤੇ ਸਾਫ ਸ਼ਬਦਾਂ ਵਿੱਚ ਆਖਦੇ ਹਨ ਕਿ ਹੇ ਕਾਜ਼ੀ ਰੁਕਨਦੀਨ, ਨਾਨਕ ਸ਼ਾਹ ਤੈਨੂੰ ਸੱਚੀ ਗੱਲ ਦੱਸਦਾ ਹੈ। ਜਿਨ੍ਹਾਂ ਦਾ ਇਮਾਨ ਸਚਾ ਅਤੇ ਸਾਫ ਹੋਵੇ, ਉਹੀ ਰੱਬ ਦੀ ਦਰਗਾਹ ਤੱਕ ਪਹੁੰਚਦੇ ਹਨ। ਸਭ ਤੋਂ ਪਹਿਲਾਂ ਰੱਬ ਦਾ ਨਾਮ ਹੈ, ਇਥੇ ਕਈ ਨਬੀ ਤੇ ਰਸੂਲ ਹੋਏ ਹਨ। ਹੇ ਰੁਕਨਦੀਨ! ਜੇ ਨੀਅਤ ਸਾਫ ਹੋਵੇ, ਤਾਂ ਹੀ ਦਰਗਾਹ ਵਿੱਚ ਕਬੂਲ ਹੋਣ ਦੀ ਆਸ ਹੈ। ਰੱਬ ਦੇ ਲਿਖੇ ਬਿਨਾ ਇਕ ਰਤਾ ਵੀ ਨਹੀਂ ਹੋ ਸਕਦਾ। ਦੂਸਰਾ, ਰੱਬ ਨੇ ਇਸ ਕੁਦਰਤ ਨੂੰ ਰਚਿਆ ਹੈ ਅਤੇ ਬੇਅੰਤ ਰੰਗ-ਰੂਪ ਦਿਖਾਏ। ਇੱਕ ਰੱਬ ਦੀ ਦਾਤ ਲੱਖਾਂ, ਕ੍ਰੋੜਾਂ, ਅਣਗਿਣਤ ਹੈ। ਨਾਨਕ ਕਹਿੰਦੇ ਹਨ — ਉਸ ਸਾਹਿਬ ਦੀ ਕੀਮਤ ਨਹੀਂ ਪਾਈ ਜਾ ਸਕਦੀ। ਉਹ ਅਗਮ ਤੇ ਬੇਅੰਤ ਹੈ। ਪਰਮਾਤਮਾ ਨੇ ਆਪਣੇ ਹੁਕਮ ਰਾਹੀਂ ਆਦਮ ਤੇ ਹਵਾ (ਮਨੁੱਖਤਾ ਦੇ ਮੂਲ ਦੋ ਪ੍ਰਤੀਕ) ਨੂੰ ਰਚਿਆ — ਇਹ ਦੋ ਬੰਦੇ (ਪੁਰਖ ਅਤੇ ਇਸਤ੍ਰੀ) ਕੁਦਰਤ ਦੇ ਨਿਯਮਾਂ ਅਨੁਸਾਰ ਰਚੇ ਗਏ ਹਨ।ਫਿਰ ਆਪਣੀ ਰਚਨਾਤਮਕ ਤਾਕਤ ਨਾਲ ਧਰਤੀ ਅਤੇ ਅਣਗਿਣਤ ਹੋਰ ਜੀਵ ਜੰਤੂ ਪੈਦਾ ਕੀਤੇ।

    ਇਬਰਾਹੀਮੀ ਧਰਮਾਂ ਅਨੁਸਾਰ ਪਹਿਲੇ ਦੋ ਮਨੁੱਖ (ਆਦਮ ਅਤੇ Eve) ਮੰਨੇ ਜਾਂਦੇ ਹਨ। ਮੇਰੇ ਵਿਚਾਰ ਅਨੁਸਾਰ, ਆਦਮ ਮਿੱਟੀ ਦਾ ਪ੍ਰਤੀਕ ਹੈ ਅਤੇ Eve ਹਵਾ ਦਾ — ਇਹ ਦੋਨੋਂ ਪ੍ਰਭੂ ਦੀ ਰਚਨਾ ਦੇ ਦੋ ਅਹੰਭਾਗ ਹਨ, ਜੋ ਜੀਵਨ ਦੀ ਪੂਰਨਤਾ ਨੂੰ ਦਰਸਾਉਂਦੇ ਹਨ।

    ਲੱਖਾਂ ਨਬੀ ਆਏ ਤੇ ਚਲੇ ਗਏ, ਅੰਤ ਵਿੱਚ ਸਭ ਮਿੱਟੀ ਹੋ ਗਏ। ਪਰ ਉਸੇ ਮਿੱਟੀ ਤੋਂ ਹੀ ਅਣਗਿਣਤ ਹੋਰ ਲੱਖਾਂ ਹੀ ਰਚੇ ਗਏ। ਰੱਬ ਦੀ ਦਰਗਾਹ ਵਿਚ ਲੱਖਾਂ ਮੁਹੰਮਦ ਹਨ, ਲੱਖਾਂ ਬ੍ਰਹਮਾ, ਵਿਸ਼ਨੁ, ਮਹੇਸ਼ ਅਤੇ ਰਾਮ ਵੱਖ ਵੱਖ ਰਾਹਾਂ ਅਤੇ ਰੂਪਾਂ ਵਿੱਚ ਮੌਜੂਦ ਹਨ। ਉਥੇ ਜਤੀ, ਸਤੀ, ਸੰਨਿਆਸੀ, ਗੋਰਖ ਨਾਥ ਅਤੇ ਉਨ੍ਹਾਂ ਦੇ ਅਨੇਕਾਂ ਚੇਲੇ ਵੀ ਹਨ। ਗੁਰਾਂ ਅਤੇ ਉਨ੍ਹਾਂ ਦੇ ਚੇਲਿਆਂ ਦੀਆਂ ਬੇਅੰਤ ਆਸਨੀਆਂ ਹਨ ਜਿੱਥੇ ਉਹ ਰਹਿਰਾਸ ਕਰਦੇ ਹਨ। ਦੇਵੀ-ਦੇਵਤਾ, ਦਾਨਵ, ਪੀਰ, ਪੈਗੰਬਰ, ਅਉਲੀਆ, ਕਾਜ਼ੀ, ਮੁਲਾਂ ਅਤੇ ਸ਼ੈਖ — ਇਹ ਸਭ ਉਥੇ ਹਨ। ਪਰ ਇਨ੍ਹਾਂ ਵਿੱਚੋਂ ਕਿਸੇ ਨੂੰ ਅਸਲ ਸ਼ਾਂਤੀ ਨਹੀਂ ਮਿਲੀ, ਜਦ ਤਕ ਉਹ ਸਤਿਗੁਰੂ ਦੇ ਉਪਦੇਸ਼ ਨੂੰ ਨਹੀਂ ਮੰਨਦੇ। ਸੰਨਿਆਸੀ ਅਤੇ ਸਿਧ ਅਣਗਿਣਤ ਹਨ, ਪਰ ਕਈ ਅਜੇ ਵੀ ਅਪਵਿਤ੍ਰ ਹਨ, ਕਿਉਂਕਿ ਉਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੀ ਵੀਚਾਰ ਨਹੀਂ ਕੀਤੀ। ਸਾਰੇ ਨਾਥਾਂ ਤੋਂ ਵੱਡਾ ਇੱਕ ਹੀ ਨਾਥ ਹੈ — ਸਤਿਨਾਮ ਕਰਤਾਰ, ਜਿਸ ਦੀ ਕੀਮਤ ਨਾਨਕ ਦੇ ਅਨੁਸਾਰ ਕੋਈ ਨਹੀਂ ਪਾ ਸਕਦਾ। ਉਹ ਬੇਅੰਤ, ਅਣਗਿਣਤ ਤੇ ਬੇਮੁੱਲ ਹੈ।

    ਬ੍ਰਹਮਾ ਆਪਣੇ ਆਪ ਆ ਕੇ ਵੀ ਪਰਮਾਤਮਾ ਦੀ ਸਚਾਈ ਨੂੰ ਪੂਰੀ ਤਰ੍ਹਾਂ ਸਮਝਾ ਨਹੀਂ ਸਕਦੇ, ਹਾਲਾਂਕਿ ਚਾਰੇ ਵੇਦ ਉਨ੍ਹਾਂ ਦੇ ਮੂੰਹੋਂ ਪੜ੍ਹੇ ਜਾਂਦੇ ਹਨ। ਕਈ ਵਿਸ਼ਨ ਤੇ ਕ੍ਰਿਸ਼ਨ ਵਰਗੇ ਅਵਤਾਰ ਰੱਬ ਦੇ ਹੁਕਮ ਅਨੁਸਾਰ ਧਰਤੀ ਉੱਤੇ ਆਏ। ਅਣਗਿਣਤ ਦੇਵੀ-ਦੇਵਤੇ, ਅਤੇ ਸ਼ਿਵ-ਪੁਰਾਣ ਵਾਲੇ ਭੀ ਰੱਬ ਦੀ ਦਰਗਾਹ ਵਿੱਚ ਖੜੇ ਹਨ। ਉਹ ਸਭ ਆਪਣੇ ਹੋਣ ਦੇ ਬਾਵਜੂਦ ਝੁਕਦੇ ਹਨ, ਮਰਦੇ ਹਨ, ਪਰ ਸੱਚਾ ਸਾਹਿਬ ਸਦਾ ਮਾਫ ਕਰਨ ਵਾਲਾ ਹੈ। ਚਾਰ ਕਤੇਬਾਂ (ਕੁਰਾਨ, ਤੌਰਾਤ, ਇੰਜੀਲ, ਜ਼ਬੂਰ) ਵੀ ਖੋਜੀਆਂ ਗਈਆਂ, ਤੇ ਚਾਰੇ ਵੇਦ ਵੀ ਪੜ੍ਹੇ ਗਏ। ਨੌ ਖੰਡਾਂ ਵਾਲੀ ਸਾਰੀ ਧਰਤੀ ਦੇ ਵੱਖ-ਵੱਖ ਭੇਦ ਵੀ ਖੋਜੇ ਗਏ। ਪਰ ਰੱਬ ਤਾਂ ਸਿਰਫ ਇੱਕ ਹੀ ਹੈ — ਪਰ ਹਿੰਦੂ ਤੇ ਮੁਸਲਮਾਨ ਵੱਖ-ਵੱਖ ਰਾਹਾਂ ਉੱਤੇ ਤੁਰ ਗਏ। ਆਪਣੇ-ਆਪਣੇ ਦਾਵਿਆਂ, ਧਾਰਮਿਕ ਅਹੰਕਾਰਾਂ ਤੇ ਲੜ-ਮਰ ਗਏ, ਪਰ ਅਸਲ ਰੱਬੀ ਸਚ ਨੂੰ ਨਹੀਂ ਫੜਿਆ। ਨਾਨਕ ਕਹਿੰਦੇ ਹਨ — ਜਿਸ ਨੇ ਇਹ ਧਾਰਮਿਕ ਦਾਅਵਾ ਛੱਡ ਦਿੱਤਾ, ਉਸ ਨੇ ਹੀ ਸੰਸਾਰ ਵਿੱਚ ਖੈਰ ਫੈਲਾਈ। ਉਹ ਨਾਂ ਕਿਸੇ ਨਾਲ ਵਿਸ਼ੇਸ਼ ਮਿੱਤਰਤਾ ਰੱਖਦਾ ਹੈ ਤੇ ਨਾਂ ਹੀ ਕਿਸੇ ਨਾਲ ਵੈਰ — ਉਹ ਸਭ ਨਾਲ ਇਕਸਾਰ ਰਹਿੰਦਾ ਹੈ।

    ਗੁਰੂ ਨਾਨਕ ਸਾਹਿਬ ਕਹਿੰਦੇ ਹਨ — ਹੇ ਕਾਜ਼ੀ ਰੁਕਨਦੀਨ! ਸੱਚਾ ਜਵਾਬ ਧਿਆਨ ਨਾਲ ਸੁਣ। ਰੱਬ ਦਾ ਫੁਰਮਾਨ ਕਿਤਾਬਾਂ ਵਿਚ ਲਿਖਿਆ ਹੋਇਆ ਹੈ, ਪਰ ਜਿਸ ਦੀ ਨਸੀਬ ਵਿੱਚ ਦੋਜ਼ਖ ਦੀ ਅੱਗ ਹੈ, ਉਹ ਉਸੇ ਨੂੰ ਭੋਗਦਾ ਹੈ। ਜਿਨ੍ਹਾਂ ਨੇ ਆਪਣੇ ਮਨ, ਕਰਮ ਅਤੇ ਜੀਵਨ ਨੂੰ ਪਵਿੱਤਰ ਕੀਤਾ, ਉਹ ਭਿਸਤ (ਜੰਨਤ) ਦੇ ਹਕਦਾਰ ਹਨ। ਜੋ ਮਰਣ ਵੇਲੇ ਸੱਚੇ ਇਮਾਨ ਨਾਲ ਜਾਂਦੇ ਹਨ, ਉਹ ਕਾਇਮ ਰਹਿੰਦੇ ਹਨ ਤੇ ਮੁੜ ਜਨਮ ਨਹੀਂ ਲੈਂਦੇ। ਨਾਨਕ ਕਹਿੰਦੇ ਹਨ — ਰੁਕਨਦੀਨ! ਸੱਚਾ ਕਲਮਾ ਪਛਾਣ, ਕਿਉਂਕਿ ਰੂਹ ਇੱਕ ਅਮਾਨਤ ਹੈ, ਜੇਕਰ ਉਹ ਸੱਚੇ ਇਮਾਨ ਵਿੱਚ ਕਾਇਮ ਰਹੇ ਤਾਂ ਰੱਬ ਦੀ ਰਜ਼ਾ ਵਿਚ ਰਹਿੰਦੀ ਹੈ। ਮੁਸਲਮਾਨ ਰੱਬ ਨੂੰ ਅਲਾਹ ਕਹਿੰਦੇ ਹਨ, ਹਿੰਦੂ ਰਾਮ — ਦੋਵੇਂ ਨੇ ਰੱਬ ਨੂੰ ਵੱਖ-ਵੱਖ ਨਾਮ ਦਿੱਤੇ ਹਨ। ਪਰ ਜਦੋਂ ਦੋਵੇਂ ਪਾਸਿਆਂ ਦੇ ਲੋਕ ਆਪਣੇ-ਆਪਣੇ ਦਾਵਿਆਂ ਨੂੰ ਹੀ ਸੱਚ ਮੰਨਦੇ ਹਨ, ਤਦੋਂ ਸ਼ੈਤਾਨ ਹਾਵੀ ਹੋ ਜਾਂਦਾ ਹੈ। ਹਿੰਦੂ ਮੂਰਤੀ ਨੂੰ ਪਵਿੱਤਰ ਮੰਨਦਾ ਹੈ, ਮੁਸਲਮਾਨ ਕਲਮੇ ਨੂੰ — ਪਰ ਅਸਲ ਵਿਚ ਫੈਸਲਾ ਕਰਮਾਂ(ਅਮਲਾਂ) ਅਨੁਸਾਰ ਹੁੰਦਾ ਹੈ, ਕਿਉਂਕਿ ਸਭ ਖਾਕ ਹਨ। ਰੱਬ ਨੇ ਸਾਰਿਆਂ ਨੂੰ ਬਣਾਇਆ — ਅਰਬੀ ਹੋਣ ਜਾਂ ਨਾਸਰੀ ਹੋਣ ਕੋਈ ਮਤਲਬ ਨਹੀਂ। ਉਹੀ ਬਣਾਉਂਦਾ ਤੇ ਮਿਟਾਉਂਦਾ ਹੈ, ਉਹੀ ਸਦਾ ਕਾਇਮ, ਸੱਚਾ, ਕੁਦਰਤ ਦਾ ਮਾਲਕ ਤੇ ਬੇਪਰਵਾਹ ਹੈ।

    ਹੁਣ ਕਾਜ਼ੀ ਰੁਕਨਦੀਨ ਫਿਰ ਸਵਾਲ ਕਰਦਾ ਹੈ… — ਇਸ ਸੰਵਾਦ ਨੂੰ ਅਸੀਂ ਅਗਲੇ ਬਲੌਗ ਵਿੱਚ ਲਿਖਾਂਗੇ।