ਪਿਛਲੇ ਭਾਗ (ਭਾਗ 6) ਵਿੱਚ ਕਾਜੀ ਰੁਕਨੁੱਦੀਨ ਨੇ ਇਹ ਦਲੀਲ ਦਿੱਤੀ ਸੀ ਕਿ ਨਬੀ ਮੁਹੰਮਦ ਦਾ ਰਸਤਾ ਹੀ ਇਕੋ ਸੱਚਾ ਰਸਤਾ ਹੈ ਅਤੇ ਕੁਰਾਨ, ਨਮਾਜ ਤੇ ਰੋਜ਼ਿਆਂ ਰਾਹੀਂ ਹੀ ਮਨੁੱਖ ਜੰਨਤ ਪ੍ਰਾਪਤ ਕਰ ਸਕਦਾ ਹੈ, ਜਦਕਿ ਇਸ ਮੱਤ ਨੂੰ ਨਾ ਮੰਨਣ ਵਾਲੇ ਦੋਜ਼ਖ ਦੇ ਹੱਕਦਾਰ ਹਨ। ਇਸ ਦੇ ਜਵਾਬ ਵਿੱਚ ਗੁਰੂ ਨਾਨਕ ਦੇਵ ਜੀ ਨੇ ਗਹਿਰੇ ਤੱਤਵਿਕ ਢੰਗ ਨਾਲ ਸਮਝਾਇਆ ਕਿ ਇਸ ਸੰਸਾਰ ਵਿੱਚ ਅਨੇਕਾਂ ਨਬੀ, ਰਸੂਲ ਅਤੇ ਮਹਾਨ ਪੁਰਖ ਆਏ ਤੇ ਚਲੇ ਗਏ ਹਨ, ਪਰ ਕੋਈ ਵੀ ਸਦਾ ਕਾਇਮ ਨਹੀਂ ਰਿਹਾ। ਉਨ੍ਹਾਂ ਨੇ ਇਹ ਵੀ ਦਰਸਾਇਆ ਕਿ ਜੰਨਤ-ਦੋਜ਼ਖ ਦੇ ਬਾਹਰੀ ਖਿਆਲਾਂ ਨਾਲੋਂ ਵੱਧ ਮਹੱਤਵਪੂਰਨ ਮਨੁੱਖ ਦੀ ਅੰਦਰੂਨੀ ਅਵਸਥਾ ਹੈ। ਅੰਤ ਵਿੱਚ ਗੁਰੂ ਨਾਨਕ ਦੇਵ ਜੀ ਇਹ ਨਿਸ਼ਚਿਤ ਕਰਦੇ ਹਨ ਕਿ ਰੱਬ ਦੀ ਦਰਗਾਹ ਵਿੱਚ ਇੱਕ ਤੋਂ ਬਿਨਾਂ ਹੋਰ ਕੋਈ ਨਹੀਂ—ਨਾ ਮੁਸਲਮਾਨ, ਨਾ ਕਾਫਿਰ; ਸਾਰੇ ਭੇਦ-ਭਾਵ ਉੱਥੇ ਮਿਟ ਜਾਂਦੇ ਹਨ।
ਹੁਣ ਅਗਲੇ ਭਾਗ 7 ਵਿੱਚ, ਕਾਜੀ ਰੁਕਨੁੱਦੀਨ ਫਿਰ ਗੁਰੂ ਨਾਨਕ ਦੇਵ ਜੀ ਅੱਗੇ ਆਪਣੀ ਗੱਲ ਰੱਖਦਾ ਹੈ ਅਤੇ ਕਹਿੰਦਾ ਹੈ,
“ਹੇ ਨਾਨਕ! ਜੋ ਕੁਝ ਮੈਂ ਕਹਿ ਰਿਹਾ ਹਾਂ, ਇਹ ਸਭ ਕੁਰਾਨ ਵਿੱਚ ਲਿਖਿਆ ਹੋਇਆ……..
ਉਹ ਆਪਣੇ ਸਵਾਲ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ
ਕਾਜ਼ੀ ਰੁਕਨਦੀਨ ਕਹਿੰਦਾ ਹੈ, ਹੇ ਨਾਨਕ! ਜੋ ਕੁਝ ਮੈਂ ਕਹਿ ਰਿਹਾ ਹਾਂ, ਇਹ ਸਭ ਕੁਰਾਨ ਵਿੱਚ ਲਿਖਿਆ ਹੋਇਆ ਹੈ। ਉਹ ਦੱਸਦਾ ਹੈ ਕਿ ਇਸ ਸੰਸਾਰ ਵਿੱਚ ਚੌਦਾਂ ਪੱਧਰ ਹਨ—ਧਰਤੀ ਅਤੇ ਅਸਮਾਨ ਸਮੇਤ—ਜਿਨ੍ਹਾਂ ਨਾਲ ਸਾਰਾ ਜਹਾਨ ਬਣਿਆ ਹੈ। ਉਹ ਕਹਿੰਦਾ ਹੈ ਕਿ ਇਨ੍ਹਾਂ ਸਭ ਵਿੱਚ ਮੁਹੰਮਦ ਦਾ ਨੂਰ ਇਸ ਤਰ੍ਹਾਂ ਚਮਕਦਾ ਹੈ ਜਿਵੇਂ ਚਿਰਾਗ ਰੌਸ਼ਨੀ ਕਰਦਾ ਹੋਵੇ। ਅੱਗੇ ਉਹ ਦਾਅਵਾ ਕਰਦਾ ਹੈ ਕਿ ਜਿੰਨੇ ਵੀ ਨਬੀ ਨੂੰ ਮੰਨਣ ਵਾਲੇ ਹਨ, ਉਨ੍ਹਾਂ ਨੂੰ ਦੋਜ਼ਖ ਦੀ ਅੱਗ ਨਹੀਂ ਲੱਗਦੀ। ਪਰ ਜੋ ਲੋਕ ਕੁਰਾਨ ਨੂੰ ਨਹੀਂ ਮੰਨਦੇ, ਉਨ੍ਹਾਂ ਦੀ ਨਬੀ ਹਾਮੀ ਨਹੀਂ ਭਰਦਾ। ਇਸ ਲਈ ਉਹ ਲੋਕ ਪਵਿੱਤਰਾਂ ਵਿੱਚ ਨਹੀਂ ਗਿਣੇ ਜਾਂਦੇ ਅਤੇ ਸਦਾ ਲਈ ਅਪਵਿੱਤਰ ਹੀ ਰਹਿੰਦੇ ਹਨ।
ਜਵਾਬ ਗੁਰੂ ਨਾਨਕ ਜੀ ਮਹਾਰਾਜ
ਗੁਰੂ ਜੀ ਸਮਝਾਉਂਦੇ ਹਨ, ਹੇ ਰੁਕਨਦੀਨ! ਮੇਰਾ ਸੱਚਾ ਜਵਾਬ ਧਿਆਨ ਨਾਲ ਸੁਣ। ਇਹ ਸ੍ਰਿਸ਼ਟੀ ਬਹੁਤ ਵਿਸ਼ਾਲ ਹੈ—ਅਸਮਾਨਾਂ ਉੱਤੇ ਅਸਮਾਨ ਹਨ ਅਤੇ ਪਾਤਾਲਾਂ ਦੇ ਵੀ ਅਣਗਿਣਤ ਪੱਧਰ ਹਨ। ਇਸ ਵਿੱਚ ਅਨੇਕਾਂ ਮੁਹੰਮਦੀ ਨੂਰ ਚਿਰਾਗਾਂ ਵਾਂਗ ਚਮਕ ਰਹੇ ਹਨ। ਪਰ ਜੋ ਮਨੁੱਖ ਦੁਨੀਆ ਦੀ ਦੌੜ-ਭੱਜ ਅਤੇ ਲਾਲਚ ਵਿੱਚ ਫਸੇ ਰਹਿੰਦੇ ਹਨ, ਉਹ ਅੰਦਰੋਂ ਦੋਜ਼ਖ ਵਰਗੀ ਅੱਗ ਵਿੱਚ ਸੜਦੇ ਹਨ। ਕਈ ਕਿਸਮਾਂ ਦੇ ਕੁਰਾਨ ਹਨ ਅਤੇ ਕਈ ਕਿਸਮਾਂ ਦੇ ਰਸੂਲ ਹਨ, ਅਤੇ ਅਨੇਕਾਂ ਉਮਤਾਂ ਹਨ ਜੋ ਬੈਠ ਬੈਠ ਕੇ ਚਿੰਤਾ ਅਤੇ ਦੁੱਖ ਕਰਦੀਆਂ ਰਹਿੰਦੀਆਂ ਹਨ।
ਅੱਗੇ ਗੁਰੂ ਜੀ ਦੱਸਦੇ ਹਨ ਕਿ ਅਨੇਕਾਂ ਮੁਹੰਮਦ ਵਰਗੇ ਨੂਰ ਹਨ ਅਤੇ ਲੱਖਾਂ ਹੀ ਮੁਹੰਮਦ ਵਰਗੇ ਪੀਰ ਹੋਏ ਹਨ। ਲੱਖਾਂ ਮੁਹੰਮਦ ਮੁਸਤਫਾ ਹੋਏ ਹਨ ਅਤੇ ਉਨ੍ਹਾਂ ਸਭ ਵਿੱਚ ਕੁਝ ਨਾ ਕੁਝ ਅੰਤਰ (ਫਰਕ) ਵੀ ਹੈ ਹੈ। ਇਨ੍ਹਾਂ ਦੇ ਨਾਂ ਅਤੇ ਥਾਵਾਂ ਗਿਣੀਆਂ ਨਹੀਂ ਜਾ ਸਕਦੀਆਂ, ਕਿਉਂਕਿ ਅਨੇਕਾਂ ਨਬੀ ਅਤੇ ਰਸੂਲ ਹੋਏ ਹਨ।
ਇਸੇ ਤਰ੍ਹਾਂ ਧਰਮ ਵੀ ਬੇਅੰਤ ਹਨ, ਜਿਨ੍ਹਾਂ ਦੀ ਅਸਲ ਗਿਣਤੀ ਨਹੀਂ ਹੋ ਸਕਦੀ। ਕਈ ਲੱਖ ਮੱਕੇ ਅਤੇ ਉਨ੍ਹਾਂ ਦੇ ਨਾਲ ਲੱਖਾਂ ਮਦੀਨੇ ਹਨ। ਅਨੇਕਾਂ ਹਾਜੀ ਹਨ ਜੋ ਵੱਖ-ਵੱਖ ਤਰੀਕਿਆਂ ਨਾਲ ਆਪਣੇ ਧਾਰਮਿਕ ਕਰਮ ਕਰਦੇ ਹਨ। ਇਸੇ ਤਰ੍ਹਾਂ ਅਨੇਕਾਂ ਬਿਆਸ ਹਨ ਜੋ ਲੱਖਾਂ ਦੀ ਗਿਣਤੀ ਵਿੱਚ ਬੈਠ ਕੇ ਵੇਦਾਂ ਦਾ ਵੀਚਾਰ ਕਰ ਰਹੇ ਹਨ। ਹਰ ਇੱਕ ਤਬਕ ਵਿੱਚ ਅਨੇਕਾਂ ਅਤੇ ਬੇਅੰਤ ਅਵਤਾਰ ਹਨ, ਅਤੇ ਲੱਖਾਂ ਤਬਕਾਂ ਵਿੱਚ ਵੀ ਅਣਗਿਣਤ ਅਵਤਾਰ ਮੌਜੂਦ ਹਨ। ਇਸੇ ਤਰ੍ਹਾਂ ਬਹੁਤ ਸਾਰੇ ਪੀਰ, ਪੈਗੰਬਰ, ਗਉਸ ਅਤੇ ਸਰਦਾਰ ਹਨ। ਇਹ ਸਭ ਅਸਮਾਨ ਦੇ ਵੱਖ-ਵੱਖ ਤਬਕਾਂ ਵਿੱਚ ਫਿਰਦੇ ਹਨ ਅਤੇ ਇਹ ਸਾਰਾ ਵਿਸ਼ਾਲ ਫੈਲਾਵ ਅੱਖੀਂ ਵੇਖਣ ਯੋਗ ਹੈ। ਉੱਥੇ ਲੱਖਾਂ ਪੈਗੰਬਰ ਅਤੇ ਅਸੰਖ ਅਵਤਾਰ ਹਨ, ਜੋ ਹਰ ਵੇਲੇ ਰੱਬ ਦੇ ਹੁਕਮ ਅਨੁਸਾਰ ਹੀ ਫਿਰਦੇ ਅਤੇ ਆਪਣਾ ਕੰਮ ਕਰਦੇ ਰਹਿੰਦੇ ਹਨ।ਬੇਅੰਤ ਅਵਤਾਰ ਅਤੇ ਪੈਗੰਬਰ ਪਾਤਾਲਾਂ ਵਿੱਚ ਵੀ ਫਿਰਦੇ ਹਨ।
ਹੇ ਰੁਕਨਦੀਨ! ਅਨੇਕਾਂ ਕਾਜ਼ੀ ਅਤੇ ਧਰਮ ਦੇ ਮਾਨਣ ਵਾਲੇ ਹਨ। ਇਸੇ ਤਰ੍ਹਾਂ ਬਹੁਤ ਸਾਰੇ ਹਜ਼ਰਤ ਅਤੇ ਪੀਰ ਹਨ ਅਤੇ ਉਨ੍ਹਾਂ ਦੇ ਵੀ ਸਰਦਾਰ ਹਨ। ਅਨੇਕਾਂ ਬਾਦਸ਼ਾਹ ਅਤੇ ਸ਼ਹੀਦ ਹਨ, ਜਿਨ੍ਹਾਂ ਦੀ ਗਿਣਤੀ ਦਾ ਕੋਈ ਅੰਤ ਨਹੀਂ। ਉਮਤਾਂ ਵੀ ਬੇਅੰਤ ਹਨ ਅਤੇ ਅਬੂਬਕਰ ਤੇ ਅਲੀ ਵਰਗੇ ਵੀ ਅਣਗਿਣਤ ਹਨ। ਅਸਮਾਨਾਂ ਵਿੱਚ ਵੀ ਲੱਖਾਂ ਹੀ ਨਹੀਂ, ਸਗੋਂ ਬੇਅੰਤ “ਚਾਰੇ ਯਾਰ” ਵੇਖੇ ਗਏ ਹਨ। ਅਨੇਕਾਂ ਇਮਾਮ ਹਨ ਅਤੇ ਬਹੁਤ ਸਾਰੇ ਸ਼ਾਹ ਤੇ ਸ਼ਹਾਬ ਹਨ, ਅਖੀਰ ਨਾਨਕ ਜੀ ਕਹਿੰਦੇ ਹਨ ਕਿ ਇਸ ਸਭ ਦਾ ਕੋਈ ਅੰਤ ਨਹੀਂ ਜਾਣਿਆ ਜਾ ਸਕਦਾ ਹੈ। ਪਰ ਸਭਨਾਂ ਤੋਂ ਉੱਪਰ ਇਕੋ ਰੱਬ ਹੈ ਜੋ ਅਲਖ, ਅਪਾਰ ਅਤੇ ਅਲੇਖ ਹੈ।
ਇਸੇ ਤਰ੍ਹਾਂ ਅਨੇਕਾਂ ਨਾਰਦ, ਸਰਸਵਤੀ, ਵਿਸ਼ਵਾਮਿਤ੍ਰ ਅਤੇ ਵਸ਼ਿਸ਼ਟ ਹਨ। ਬਹੁਤ ਸਾਰੇ ਮਛੰਦਰ ਅਤੇ ਗੋਰਖ ਹਨ ਅਤੇ ਬੇਅੰਤ ਸ੍ਰਿਸ਼ਟੀਆਂ ਹਨ। ਅਨੇਕਾਂ ਚਰਪਟ, ਭਰਥਰੀ, ਈਸ਼ਰ ਅਤੇ ਗੋਪੀਚੰਦ ਹਨ। ਇਸੇ ਤਰ੍ਹਾਂ ਅਨੇਕਾਂ ਦੱਤਾ ਤ੍ਰੇਵ ਅਤੇ ਬਹੁਤ ਸਾਰੇ ਰਾਮਾਨੰਦ ਹਨ। ਚੌਰਾਸੀ ਸਿੱਧਾਂ ਦੀਆਂ ਮੰਡਲੀਆਂ ਬੇਅੰਤ ਹਨ ਜੋ ਹਰ ਥਾਂ ਫਿਰਦੀਆਂ ਹਨ,
ਅੱਗੇ ਗੁਰੂ ਜੀ ਦੱਸਦੇ ਹਨ ਕਿ ਪਰ ਇਹ ਸਭ ਨਾਸਵੰਤ ਹਨ ਅਤੇ ਸਿਰਫ਼ ਅਲਖ ਅਪਾਰ ਰੱਬ ਹੀ ਸਦਾ ਕਾਇਮ ਰਹਿੰਦਾ ਹੈ। ਅਨੇਕਾਂ ਵੇਦਾਂ ਅਤੇ ਕਿਤਾਬਾਂ ਹਨ ਜਿਨ੍ਹਾਂ ਉੱਤੇ ਲੋਕ ਬੈਠ ਕੇ ਵਿਚਾਰ ਕਰਦੇ ਹਨ। ਨਸੀਹਤਾਂ, ਰਾਹਾਂ, ਪੈਗੰਬਰਾਂ, ਕੁਰਾਨਾਂ, ਰਸਾਲਿਆਂ ਅਤੇ ਕਲਾਮਾਂ ਦੀਆਂ ਵੀ ਅਨੇਕਾਂ ਕਿਸਮਾਂ ਹਨ।
ਕਲਿਯੁਗ ਵਿੱਚ ਨਾਨਕ ਜੀ ਨੇ ਇਕ ਨਿਰਮਲ ਪੰਥ ਦੱਸਿਆ ਹੈ, ਜਿੱਥੇ ਵੇਦਾਂ ਅਤੇ ਕਿਤਾਬਾਂ ਤੋਂ ਉੱਪਰ ਉੱਠ ਕੇ ਇੱਕ ਰੱਬ ਦਾ ਸਿਮਰਨ ਕੀਤਾ ਜਾਂਦਾ ਹੈ। ਉਹਨਾਂ ਨੇ ਦੁਨੀਆ ਦੇ ਸਾਰੇ ਭੇਦ-ਭਾਵ ਮਿਟਾ ਕੇ ਸਭ ਨੂੰ ਇੱਕ ਸਮਾਨ ਕੀਤਾ ਅਤੇ ਸਾਰੇ ਝੂਠੇ ਰਸਮ-ਰਿਵਾਜ ਖਤਮ ਕਰਕੇ ਸੱਚ ਦੀ ਖੇਡ ਰਚ ਦਿੱਤੀ ਹੈ।
Leave a comment